ਜਾਣੋ ਬਿਆਸ ਦਰਿਆ ਦੇ ਵਿੱਚ ਮੌਜੂਦਾ ਪਾਣੀ ਦੀ ਸਥਿਤੀ (ETV Bharat (ਅੰਮ੍ਰਿਤਸਰ , ਪੱਤਰਕਾਰ)) ਅੰਮ੍ਰਿਤਸਰ: ਬਿਆਸ ਦਰਿਆ ਕੰਢੇ ਰਹਿੰਦੇ ਲੋਕਾਂ ਦੇ ਲਈ ਇੱਕ ਰਾਹਤ ਭਰੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜੀ ਹਾਂ, ਬੀਤੇ ਦੋ ਦਿਨਾਂ ਦੌਰਾਨ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਪੈ ਰਹੀ ਬਾਰਿਸ਼ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਬਿਆਸ ਦਰਿਆ ਉਫਾਨ 'ਤੇ ਆਇਆ ਹੋਇਆ ਸੀ।
ਪੰਜਾਬ ਦੇ ਦਰਿਆ ਸ਼ਾਂਤ : ਜਿਸ ਤੋਂ ਬਾਅਦ ਹੁਣ ਉਫਾਨ 'ਤੇ ਆਏ ਬਿਆਸ ਦਰਿਆ ਦਾ ਪਾਣੀ ਸ਼ਾਂਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਦਰਿਆ ਕੰਢੇ ਅਤੇ ਨੇੜਲੇ ਇਲਾਕਿਆਂ ਦੇ ਵਿੱਚ ਰਹਿੰਦੇ ਲੋਕਾਂ ਲਈ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਇਹ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਪਹਾੜਾਂ ਵਿੱਚ ਕੁਝ ਹੱਦ ਤੱਕ ਬਾਰਿਸ਼ ਥੰਮਣ ਦੇ ਨਾਲ ਹੀ ਹੁਣ ਪੰਜਾਬ ਦੇ ਦਰਿਆ ਵੀ ਕੁਝ ਸ਼ਾਂਤ ਹੁੰਦੇ ਹੋਏ ਨਜ਼ਰ ਆ ਰਹੇ ਹਨ।
ਘੱਟ ਹੋਇਆ ਪਾਣੀ ਦਾ ਪੱਧਰ : ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੰਚਾਈ ਵਿਭਾਗ ਦੇ ਗੇਜ਼ ਰੀਡਰ ਉਮੇਦ ਸਿੰਘ ਨੇ ਦੱਸਿਆ ਕਿ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਹੁਣ ਘੱਟ ਹੋ ਚੁੱਕਾ ਹੈ ਅਤੇ ਫਿਲਹਾਲ ਪਾਣੀ ਦੀ ਸਥਿਤੀ ਕਾਫੀ ਹੱਦ ਤੱਕ ਠੀਕ ਨਜ਼ਰ ਆ ਰਹੀ ਹੈ।
ਪਹਿਲਾਂ ਅਤੇ ਹੁਣ ਕੀ ਹੈ ਪਾਣੀ ਦਾ ਪੱਧਰ : ਉਮੇਦ ਸਿੰਘ ਨੇ ਦੱਸਿਆ ਕਿ ਪਹਿਲਾਂ ਇਸ ਸੀਜਨ ਦੀ ਉੱਚਤਮ ਗੇਜ਼ 737.40 ਅਤੇ ਡਿਸਚਾਰਜ ਲੈਵਲ 53 ਹਜਾਰ 525 ਕਿਊਸਿਕ ਮਾਪਿਆ ਗਿਆ ਸੀ। ਜੋ ਕਿ ਹੁਣ ਘੱਟ ਕੇ 733.40 ਗੇਜ਼ ਨਾਲ 18 ਹਜ਼ਾਰ 826 ਕਿਉਸਿਕ ਮਾਪਿਆ ਗਿਆ ਹੈ।
ਕਿਉਂ ਵਧਿਆ ਸੀ ਬਿਆਸ ਦਰਿਆ ਦੇ ਵਿੱਚ ਪਾਣੀ :ਸਿੰਚਾਈ ਵਿਭਾਗ ਦੇ ਗੇਜ ਰੀਡਰ ਉਮੇਦ ਸਿੰਘ ਨੇ ਪਾਣੀ ਦੀ ਮੌਜੂਦਾ ਸਥਿਤੀ ਬਾਰੇ ਦੱਸਿਆ ਕਿ ਬੀਤੇ ਦਿਨਾਂ ਦੌਰਾਨ ਬਿਆਸ ਦਰਿਆ ਦੇ ਵਿੱਚ ਚੱਕੀ ਦਰਿਆ ਪੁਲ ਤੋਂ ਮੀਂਹ ਦਾ ਪਾਣੀ ਆਇਆ ਸੀ ਜੋ ਕਿ ਹੁਣ ਘੱਟ ਹੋ ਗਿਆ ਹੈ। ਫਿਲਹਾਲ ਆਉਣ ਵਾਲੇ ਦਿਨ੍ਹਾਂ ਵਿੱਚ ਪਾਣੀ ਵੱਧਦਾ ਜਾਂ ਫਿਰ ਘੱਟਦਾ ਹੈ, ਇਹ ਕੁਦਰਤ 'ਤੇ ਨਿਰਭਰ ਕਰਦਾ ਹੈ ਅਤੇ ਇਸ ਬਾਰੇ ਆਉਣ ਵਾਲੇ ਸਮੇਂ ਵਿੱਚ ਮੌਸਮ 'ਤੇ ਨਿਰਭਰ ਕਰਦਾ ਹੈ।
ਕਿਵੇਂ ਰਹੇਗਾ ਮੌਸਮ : ਜ਼ਿਕਰਯੋਗ ਹੈ ਕਿ ਬੇਸ਼ੱਕ ਇਸ ਸਮੇਂ ਉੱਤਰ ਭਾਰਤ ਦੇ ਕਈ ਖੇਤਰਾਂ ਦੇ ਵਿੱਚ ਬਾਰਿਸ਼ ਨਾ ਮਾਤਰ ਹੋ ਰਹੀ ਹੈ। ਪਰ ਆਈ.ਐਮ.ਡੀ. ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਇਨ੍ਹਾਂ ਇਲਾਕਿਆਂ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਿਸ ਨਾਲ ਮੰਨਿਆ ਜਾ ਸਕਦਾ ਹੈ ਕਿ ਮੁੜ ਤੋਂ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਕੁਝ ਹੱਦ ਤੱਕ ਵਧ ਸਕਦਾ ਹੈ।