ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜੰਮੂ-ਕਸ਼ਮੀਰ ਤੋਂ ਅੱਤਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਵਚਨਬੱਧ ਹੈ, ਇਸ ਗੱਲ ਨੂੰ ਦੁਹਰਾਉਂਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਘੁਸਪੈਠ ਨੂੰ ਪੂਰੀ ਤਰ੍ਹਾਂ ਨਾਲ ਰੋਕਣ ਦੇ ਟੀਚੇ ਨੂੰ ਹਾਸਲ ਕਰਕੇ ਅੱਤਵਾਦ ਵਿਰੁੱਧ ਲੜਾਈ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।
ਜੰਮੂ-ਕਸ਼ਮੀਰ ਦੀ ਸਥਿਤੀ 'ਤੇ ਉੱਚ ਪੱਧਰੀ ਸੁਰੱਖਿਆ ਬੈਠਕ 'ਚ ਸ਼ਾਹ ਨੇ ਕਿਹਾ ਕਿ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਘੁਸਪੈਠ ਅਤੇ ਅੱਤਵਾਦੀ ਗਤੀਵਿਧੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਸ਼ਾਹ ਨੇ ਕਿਹਾ, "ਸਾਡਾ ਉਦੇਸ਼ ਅੱਤਵਾਦੀਆਂ ਦੀ ਹੋਂਦ ਨੂੰ ਜੜ੍ਹੋਂ ਪੁੱਟਣ ਲਈ ਸਖਤ ਢੰਗਾਂ ਦੀ ਵਰਤੋਂ ਕਰਨਾ ਹੈ।"
ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇ ਲਗਾਤਾਰ ਅਤੇ ਤਾਲਮੇਲ ਵਾਲੇ ਯਤਨਾਂ ਕਾਰਨ ਜੰਮੂ-ਕਸ਼ਮੀਰ 'ਚ ਅੱਤਵਾਦ ਦਾ ਨੈੱਟਵਰਕ ਕਾਫੀ ਕਮਜ਼ੋਰ ਹੋ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਾਰਕੋ ਨੈੱਟਵਰਕ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਘੁਸਪੈਠੀਆਂ ਅਤੇ ਅੱਤਵਾਦੀਆਂ ਦਾ ਸਮਰਥਨ ਕਰ ਰਿਹਾ ਹੈ। ਸ਼ਾਹ ਨੇ ਕਿਹਾ, "ਨਸ਼ੀਲੇ ਪਦਾਰਥਾਂ ਦੇ ਵਪਾਰ ਤੋਂ ਹੋਣ ਵਾਲੀ ਕਮਾਈ ਤੋਂ ਆਤੰਕ ਫੰਡਿੰਗ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।" ਸ਼ਾਹ ਨੇ ਸੁਰੱਖਿਆ ਏਜੰਸੀਆਂ ਨੂੰ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਸਮੇਂ ਸਿਰ ਲਾਗੂ ਕਰਨ ਦੇ ਮੱਦੇਨਜ਼ਰ ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫ. ਐੱਸ. ਐੱਲ.) ਦੀਆਂ ਅਸਾਮੀਆਂ 'ਤੇ ਨਵੀਆਂ ਨਿਯੁਕਤੀਆਂ ਕਰਨ ਦੇ ਨਿਰਦੇਸ਼ ਦਿੱਤੇ।
ਅੱਤਵਾਦ ਵਿਰੁੱਧ 'ਜ਼ੀਰੋ ਟਾਲਰੈਂਸ ਨੀਤੀ' 'ਤੇ ਜ਼ੋਰ ਦਿੱਤਾ
ਸ਼ਾਹ ਨੇ ਅੱਤਵਾਦ ਮੁਕਤ ਜੰਮੂ-ਕਸ਼ਮੀਰ ਦੇ ਟੀਚੇ ਨੂੰ ਹਾਸਲ ਕਰਨ ਲਈ ਅੱਤਵਾਦ ਵਿਰੁੱਧ ਮੋਦੀ ਸਰਕਾਰ ਦੀ 'ਜ਼ੀਰੋ ਟਾਲਰੈਂਸ ਨੀਤੀ' 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਚੌਕਸ ਰਹਿਣ ਅਤੇ ਜੰਮੂ-ਕਸ਼ਮੀਰ 'ਚ ਅੱਤਵਾਦ ਦੇ ਖਾਤਮੇ ਲਈ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਨਾਲ ਸਬੰਧਤ ਸਾਰੇ ਮਾਪਦੰਡਾਂ ਵਿੱਚ ਵੱਡੇ ਸੁਧਾਰ ਲਈ ਸੁਰੱਖਿਆ ਏਜੰਸੀਆਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਮੀਟਿੰਗ ਵਿੱਚ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ, ਕੇਂਦਰੀ ਗ੍ਰਹਿ ਸਕੱਤਰ, ਇੰਟੈਲੀਜੈਂਸ ਬਿਊਰੋ (ਆਈਬੀ) ਦੇ ਡਾਇਰੈਕਟਰ, ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ (ਜੀਡੀਪੀ) ਸਮੇਤ ਗ੍ਰਹਿ ਮੰਤਰਾਲੇ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਸ਼ਾਹ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ 'ਤੇ ਇਕ ਮਹੱਤਵਪੂਰਨ ਸਮੀਖਿਆ ਬੈਠਕ ਵੀ ਕੀਤੀ ਸੀ, ਜਿਸ 'ਚ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ, ਗ੍ਰਹਿ ਸਕੱਤਰ ਅਤੇ ਗ੍ਰਹਿ ਮੰਤਰਾਲੇ ਅਤੇ ਫੌਜ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ਸੀ। ਗ੍ਰਹਿ ਮੰਤਰੀ ਸ਼ਾਹ ਵਲੋਂ ਬੁਲਾਈ ਗਈ ਬੈਠਕ ਜੰਮੂ-ਕਸ਼ਮੀਰ 'ਚ ਵਧਦੀਆਂ ਅੱਤਵਾਦੀ ਘਟਨਾਵਾਂ ਦੇ ਖਿਲਾਫ ਸੀ। ਸੋਮਵਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ 'ਚ ਅੱਤਵਾਦੀਆਂ ਨੇ ਸੇਵਾਮੁਕਤ ਫੌਜੀ ਮਨਜ਼ੂਰ ਅਹਿਮਦ ਵੇਜ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅੱਤਵਾਦੀ ਹਮਲੇ 'ਚ ਵੇਜ ਦੀ ਪਤਨੀ ਅਤੇ ਭਤੀਜੀ ਜ਼ਖਮੀ ਹੋ ਗਏ ਸਨ।