ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਰਨਾਲਾ ਵਿਖੇ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਪੁੱਜੇ। ਇਸ ਮੌਕੇ ਬਠਿੰਡਾ ਦੇ ਪਿੰਡ ਜਿਉਂਦ ਵਿਖੇ ਜ਼ਮੀਨ ਬਚਾਓ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਉਹਨਾਂ ਕਿਸਾਨਾਂ ਦੀ ਜਿਉਂਦ ਰੈਲੀ ਨੂੰ ਲੈ ਕੇ ਵੱਖ-ਵੱਖ ਡਿਊਟੀਆਂ ਵੀ ਲਗਾਈਆਂ।
ਇਸ ਮੌਕੇ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਰੂਪ ਸਿੰਘ ਛੰਨਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿਉਂਦ ਵਿਖੇ ਜ਼ਮੀਨਾਂ ਬਚਾਓ ਸੰਗਰਾਮ ਰੈਲੀ ਕੀਤੀ ਜਾ ਰਹੀ ਹੈ। ਜਿਸ ਸਬੰਧੀ ਅੱਜ ਉਹਨਾਂ ਵੱਲੋਂ ਬਰਨਾਲਾ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਹੈ। ਇਸ ਰੈਲੀ ਸਬੰਧੀ ਬਰਨਾਲਾ ਜ਼ਿਲ੍ਹੇ ਦੇ ਚਾਰ ਬਲਾਕਾਂ ਦੀਆਂ ਮੀਟਿੰਗਾਂ ਕੀਤੀਆਂ ਹਨ, ਜਿਸ ਵਿੱਚ ਆਗੂਆਂ ਦੀਆ ਰੈਲੀ ਸਬੰਧੀ ਡਿਊਟੀ ਲਗਾਈ ਗਈ ਹੈ। ਇਕੱਲਾ ਬਰਨਾਲਾ ਜ਼ਿਲ੍ਹਾ ਇਸ ਰੈਲੀ ਵਿੱਚ 9 ਹਜ਼ਾਰ ਦੇ ਕਰੀਬ ਗਿਣਤੀ ਅੰਦਰ ਸ਼ਮੂਲੀਅਤ ਕਰੇਗਾ। ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਨੀਤੀਆਂ ਕਾਰਪੋਰੇਟ ਪੱਖੀ ਹਨ। ਜਿਸ ਨਾਲ ਆਮ ਕਿਸਾਨਾਂ ਉੱਪਰ ਹਮਲੇ ਕੀਤੇ ਜਾ ਰਹੇ ਹਨ। ਭਾਰਤ ਮਾਲਾ ਪ੍ਰੋਜੈਕਟ ਰਾਹੀਂ ਜ਼ਮੀਨਾਂ ਧੱਕੇ ਨਾਲ ਰੋਕੀਆਂ ਜਾ ਰਹੀਆਂ ਹਨ, ਜਿਸ ਦਾ ਜੱਥੇਬੰਦੀ ਡੱਟ ਕੇ ਵਿਰੋਧ ਕਰ ਰਹੀ ਹੈ।
ਸਰਕਾਰੀ ਖ਼ਰੀਦ ਖ਼ਤਮ ਕਰਨ ਦੀ ਤਿਆਰੀ
"ਨਵੇਂ ਖੇਤੀ ਮੰਡੀ ਨੀਤੀ ਤਹਿਤ ਸਰਕਾਰੀ ਮੰਡੀ ਅਤੇ ਸਰਕਾਰੀ ਖ਼ਰੀਦ ਖ਼ਤਮ ਕਰਨ ਦੀ ਤਿਆਰੀ ਸਰਕਾਰ ਕਰ ਰਹੀ ਹੈ। ਜਿਸ ਲਈ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ। ਉਹਨਾਂ ਕਿਹਾ ਕਿ ਕਿਸਾਨਾਂ ਦੇ ਸਿਰ ਵੱਡੀ ਲੜਾਈ ਆ ਗਈ ਹੈ ਕਿਉਂਕਿ ਸਰਕਾਰ ਹੁਣ ਸਿੱਧੇ ਤੌਰ 'ਤੇ ਜ਼ਮੀਨਾਂ ਖੋਹਣ ਦੀ ਤਿਆਰੀ ਕਰ ਰਹੀ ਹੈ, ਹੁਣ ਐਮਐਸਪੀ ਤੋਂ ਵੱਡੀ ਲੜਾਈ ਇਹਨਾਂ ਨੀਤੀਆਂ ਨੂੰ ਖ਼ਤਮ ਕਰਵਾਉਣ ਦੀ ਹੈ, ਕਿਸਾਨਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਸਰਕਾਰ ਦੀ ਨੀਤੀ ਖੇਤੀ ਉੱਪਰ ਕਾਰਪੋਰੇਟਾਂ ਦਾ ਕਬਜ਼ਾ ਕਰਵਾਉਣ ਦੀ ਹੈ, ਜਿਸ ਨੂੰ ਉਹ ਕਦੇ ਕਾਮਯਾਬ ਨਹੀਂ ਹੋਣ ਦੇਣਗੇ।" ਜੋਗਿੰਦਰ ਸਿੰਘ ਉਗਰਾਹਾਂ (ਸੂਬਾ ਪ੍ਰਧਾਨ ਬੀਕੇਯੂ ਉਗਰਾਹਾਂ)