ਬਰਨਾਲਾ: ਜ਼ਿਲ੍ਹਾ ਬਰਨਾਲਾ ਵਿਖੇ ਸਰਕਾਰੀ ਆਈਟੀਆਈ ਦੇ ਮਾੜੇ ਪ੍ਰਬੰਧਾਂ ਤੋਂ ਦੁਖੀ ਵਿਦਿਆਰਥਣਾਂ ਵਲੋਂ ਅੱਜ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ। ਆਈਟੀਆਈ ਦੇ ਗੇਟ 'ਤੇ ਬੈਠ ਕੇ ਵਿਦਿਆਰਥਣਾਂ ਨੇ ਪ੍ਰਿੰਸੀਪਲ ਅਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਆਈਟੀਆਈ ਵਿੱਚ ਮਾੜੇ ਸਫ਼ਾਈ ਪ੍ਰਬੰਧਾਂ ਅਤੇ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਾ ਦਿੱਤੇ ਜਾਣ ਦੇ ਇਲਜ਼ਾਮ ਲਗਾਏ। ਆਈਟੀਆਈ ਵਿੱਚ ਕੋਈ ਵੀ ਸਫ਼ਾਈ ਕਰਮਚਾਰੀ ਨਹੀਂ ਹੈ, ਉਹ ਖ਼ੁਦ ਆ ਕੇ ਕਲਾਸ ਰੂਮ ਦੀ ਸਫ਼ਾਈ ਕਰ ਰਹੀਆਂ ਹਨ।
ਸਫ਼ਾਈ ਦੀ ਸਭ ਤੋਂ ਵੱਡੀ ਸਮੱਸਿਆ
ਇਸ ਮੌਕੇ ਪ੍ਰਦਰਸ਼ਨਕਾਰੀ ਵਿਦਿਆਰਥਣਾਂ ਰੇਸ਼ਮਾ, ਸਿਮਰਨਜੋਤ ਕੌਰ ਅਤੇ ਅਮਨਜੋਤ ਕੌਰ ਨੇ ਦੱਸਿਆ ਕਿ,' ਉਹ ਬਰਨਾਲਾ ਵਿਖੇ ਲੜਕੀਆਂ ਦੀ ਸਰਕਾਰੀ ਆਈਟੀਆਈ ਵਿੱਚ ਪਿਛਲੇ ਕਰੀਬ ਡੇਢ ਸਾਲ ਤੋਂ ਪੜ੍ਹਾਈ ਕਰ ਰਹੀਆਂ ਹਨ। ਇੱਥੇ ਉਹ ਪਿਛਲੇ ਸਮੇਂ ਤੋਂ ਸਫ਼ਾਈ ਸਮੇਤ ਹੋਰ ਕਈ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਵੱਡੀ ਸਮੱਸਿਆ ਸਫ਼ਾਈ ਦੀ ਹੈ। ਇੱਥੇ ਗੇਟ ਤੋਂ ਲੈ ਕੇ ਬਾਥਰੂਮਾਂ, ਕਮਰਿਆਂ ਅਤੇ ਲੈਬਾਂ ਵਿੱਚ ਸਫ਼ਾਈ ਦੀ ਕੋਈ ਸਫ਼ਾਈ ਨਹੀਂ ਹੁੰਦੀ। ਅਵਾਰਾ ਪਸ਼ੂਆਂ ਦੀ ਗੰਦਗੀ ਵੀ ਸਾਫ਼ ਨਹੀਂ ਕੀਤੀ ਜਾ ਰਹੀ। ਵਿਦਿਆਰਥਣਾਂ ਰੋਜ਼ਾਨਾ ਆਪ ਕਲਾਸ ਰੂਮ ਦੀ ਸਫ਼ਾਈ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇੱਥੇ ਕੋਈ ਵੀ ਚਪੜਾਸੀ ਜਾਂ ਸਫ਼ਾਈ ਕਰਮਚਾਰੀ ਨਹੀਂ ਹੈ, ਜੋ ਸਫ਼ਾਈ ਦਾ ਧਿਆਨ ਰੱਖ ਸਕੇ,'।
![STUDENT PROTEST BY HOLDING SIT IN](https://etvbharatimages.akamaized.net/etvbharat/prod-images/05-02-2025/pb-bnl-studentprotest-pb10017_05022025173029_0502f_1738756829_1066.jpg)
ਆਈਟੀਆਈ ਦੇ ਗੇਟ ਵਿੱਚ ਧਰਨਾ
ਇਸ ਤੋਂ ਇਲਾਵਾ ਆਈਟੀਆਈ ਵਿੱਚ ਪੜ੍ਹਾਈ ਲਈ ਜੇਕਰ ਕੋਈ ਵੀ ਮਸ਼ੀਨ ਖ਼ਰਾਬ ਹੋ ਜਾਂਦੀ ਹੈ ਤਾਂ ਉਸ ਨੂੰ ਵੀ ਠੀਕ ਨਹੀਂ ਕਰਵਾਇਆ ਜਾਂਦਾ। ਜਿਸ ਕਰਕੇ ਉਨ੍ਹਾਂ ਦੀ ਪੜ੍ਹਾਈ ਵਿੱਚ ਵੀ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਆਈਟੀਆਈ ਦੀ ਪ੍ਰਿੰਸੀਪਲ ਨੂੰ ਦੱਸਿਆ ਗਿਆ ਪਰ ਉਨ੍ਹਾਂ ਨੇ ਕੋਈ ਸਮੱਸਿਆ ਦਾ ਹੱਲ ਨਹੀਂ ਕੀਤਾ। ਜਿਸ ਕਰਕੇ ਅੱਜ ਦੁਖੀ ਹੋ ਕੇ ਉਨ੍ਹਾਂ ਨੂੰ ਆਈਟੀਆਈ ਦੇ ਗੇਟ ਵਿੱਚ ਧਰਨਾ ਲਗਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਪਹਿਲ ਦੇ ਅਧਾਰ 'ਤੇ ਆਈਟੀਆਈ ਵਿੱਚ ਰਹਿੰਦੀਆਂ ਕਮੀਆਂ ਨੂੰ ਦੂਰ ਕਰੇ ਤਾਂ ਕਿ ਉਨ੍ਹਾਂ ਦੀਆਂ ਪੜ੍ਹਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ।
![STUDENT PROTEST BY HOLDING SIT IN](https://etvbharatimages.akamaized.net/etvbharat/prod-images/05-02-2025/pb-bnl-studentprotest-pb10017_05022025173029_0502f_1738756829_570.jpg)
ਹੱਲ ਕਰਨ ਦਾ ਭਰੋਸਾ
ਇਸ ਮੌਕੇ ਸੰਸਥਾ ਦੀ ਪ੍ਰਿੰਸੀਪਲ ਸਰਬਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਨੇ ਸੰਸਥਾ ਵਿੱਚ ਸਫ਼ਾਈ ਨਾ ਹੋਣ ਕਾਰਨ ਧਰਨਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇੱਕ ਸਾਲ ਤੋਂ ਸੰਸਥਾ ਵਿੱਚ ਕੋਈ ਵੀ ਸਫ਼ਾਈ ਕਰਮਚਾਰੀ ਨਹੀਂ ਹੈ। ੳਹ ਆਪਣੇ ਪੱਧਰ 'ਤੇ ਸਫ਼ਾਈ ਦੇ ਪ੍ਰਬੰਧ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੇ ਸਫ਼ਾਈ ਸਬੰਧੀ ਗੱਲ ਵੀ ਕੀਤੀ ਸੀ। ਉਨ੍ਹਾਂ ਕਿਹਾ ਕਿ ਹੈੱਡ ਦਫ਼ਤਰ, ਡੀਸੀ ਬਰਨਾਲਾ ਨੂੰ ਵੀ ਕਈ ਵਾਰ ਲਿਖ ਕੇ ਸਫ਼ਾਈ ਕਰਮਚਾਰੀ ਦੀ ਮੰਗ ਕਰ ਚੁੱਕੇ ਹਾਂ ਪਰ ਕੋਈ ਨਹੀਂ ਮਿਲਿਆ। ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ।
![STUDENT PROTEST BY HOLDING SIT IN](https://etvbharatimages.akamaized.net/etvbharat/prod-images/05-02-2025/pb-bnl-studentprotest-pb10017_05022025173029_0502f_1738756829_774.jpg)