Departed from Kisan Railway Station ਅੰਮ੍ਰਿਤਸਰ: ਹਾਲ ਹੀ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਉੱਪਰ ਚੱਲ ਰਹੇ ਕਿਸਾਨੀ ਸੰਘਰਸ਼ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਲਗਭਗ 800 ਤੋਂ 1000 ਕਿਸਾਨਾਂ ਅਤੇ ਬੀਬੀਆਂ ਦਾ ਜਥਾ ਰਵਾਨਾ ਹੋਇਆ। ਉਹਨਾਂ ਕਿਹਾ ਕਿ ਪਹਿਲਾਂ ਜੱਥਾ ਅਸੀਂ 10 ਮਾਰਚ ਨੂੰ ਰਵਾਨਾ ਕੀਤਾ ਸੀ, ਅੱਜ ਦੂਸਰਾ ਜੱਥਾ 20 ਮਾਰਚ ਨੂੰ ਅਤੇ ਤੀਸਰਾ ਜੱਥਾ 30 ਮਾਰਚ ਨੂੰ ਰਵਾਨਾ ਕੀਤਾ ਜਾਵੇਗਾ।
ਉਹਨਾਂ ਅੱਗੇ ਦੱਸਿਆ ਕਿ ਹਰ ਮਹੀਨੇ ਦੀ 10, 20 ਅਤੇ 30 ਤਰੀਕ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੋਂ ਕਿਸਾਨਾਂ ਦੇ ਜਥੇ ਰਵਾਨਾ ਹੋਇਆ ਕਰਨਗੇ। ਅੱਜ ਵੀ ਕਿਸਾਨਾਂ ਦਾ ਇੱਕ ਜਥਾ ਸ਼ੰਭੂ ਬਾਰਡਰ ਲਈ ਰਵਾਨਾ ਹੋ ਰਿਹਾ ਹੈ। ਜਿਹੜੇ ਕਿਸਾਨ ਪਹਿਲਾਂ ਗਏ ਸਨ, ਉਹ ਵਾਪਸ ਆ ਜਾਣਗੇ। ਉਹਨਾਂ ਕਿਹਾ ਕਿ ਪੰਜਾਬ ਵਿੱਚ 11 ਥਾਵਾਂ ਤੋਂ ਕਿਸਾਨ ਜੱਥੇ ਦੇ ਰੂਪ ਵਿੱਚ ਰਵਾਨਾ ਹੋ ਰਹੇ ਹਨ। ਜੱਥੇ ਵਿੱਚ ਸ਼ਾਮਲ ਬੀਬੀਆਂ ਨੇ ਕਿਹਾ ਕਿ ਸਾਡੀ ਇੱਕੋ ਮੰਗ ਹੈ ਕਿ ਸਾਡੀਆਂ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਲਗਾਇਆ ਜਾਵੇ ਕਿਉਂਕਿ ਜਦੋਂ ਸਾਡੀ ਫ਼ਸਲ ਕਾਰਪੋਰੇਟ ਘਰਾਣਿਆਂ ਕੋਲ ਜਾਂਦੀ ਹੈ ਤਾਂ ਉਸੇ ਫ਼ਸਲ ਦੀ ਕੀਮਤ ਚਾਰ ਗੁਣਾ ਹੋ ਜਾਂਦੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਕੀਮਤ ਸਾਨੂੰ ਵੀ ਦਿੱਤੀ ਜਾਵੇ।
ਸਰਵਣ ਸਿੰਘ ਪੰਧੇਰ ਨੇ ਅੱਗੇ ਦੱਸਿਆ ਕਿ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਹਰ ਮੋਰਚੇ 'ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਇਸ ਸਮਾਗਮ ਵਿੱਚ ਵਿਸ਼ੇਸ ਤੌਰ 'ਤੇ ਭਾਰਤ ਦਾ ਇੱਕ ਫ੍ਰੀਸਟਾਈਲ ਪਹਿਲਵਾਨ ਬਜਰੰਗ ਪੂਨੀਆ ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਣ ਦੇਣ ਲਈ ਪਹੁੰਚ ਰਹੇ ਹਨ। ਉਹਨਾਂ ਨੌਜਵਾਨਾਂ ਨੂੰ ਇਸ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ, ਆਉਣ ਵਾਲੇ ਦਿਨਾਂ 'ਚ ਇਹ ਅੰਦੋਲਨ ਹੋਰ ਵਿਸ਼ਾਲ ਰੂਪ ਧਾਰਨ ਕਰੇਗਾ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿੱਚ ਜਦੋਂ ਵੀ ਵੋਟ ਪਾਉਣ ਜਾਣਗੇ ਤਾਂ ਲੋਕਾਂ ਨੂੰ ਅਪੀਲ ਵੀ ਕਰਨਗੇ ਕਿ ਉਹ ਸਰਕਾਰ ਨੂੰ ਕਹਿਣ ਕੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਨ।
ਹੁਣ ਚੋਣ ਜ਼ਾਬਤੇ ਦਾ ਸਮਾਂ ਐਸਾ ਹੋਵੇਗਾ ਕਿ ਇੱਕ ਪਾਸੇ ਵਿਰੋਧ ਹੋਵੇਗਾ ਅਤੇ ਦੂਸਰੇ ਪਾਸੇ ਨਵੀਂ ਸਰਕਾਰ ਸੱਤਾ ਵਿੱਚ ਆਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ 'ਤੇ ਹਮਲੇ ਕੀਤੇ ਗਏ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮਾਮਲੇ 'ਚ ਕੁਝ ਨਹੀਂ ਕੀਤਾ। ਕਿਸਾਨ ਲੰਬੇ ਸਮੇਂ ਲਈ ਅੰਦੋਲਨ ਜਾਰੀ ਰੱਖਣ ਲਈ ਤਿਆਰ ਹਨ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਸਾਂਝੀਆਂ ਹਨ, ਲੋਕਾਂ ਦੀਆਂ ਮੰਗਾਂ ਲੋਕਾਂ ਦੇ ਮੁੱਦੇ ਹਨ, ਉਨ੍ਹਾਂ ਦੇ ਪ੍ਰੋਗਰਾਮ ਪੂਰੇ ਦੇਸ਼ 'ਚ ਚੱਲਣਗੇ।
ਉਹਨਾਂ ਅੱਗੇ ਦੱਸਿਆ ਕਿ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਕਲਸ਼ ਯਾਤਰਾ 16 ਮਾਰਚ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੱਲ ਰਹੀ ਹੈ, ਜਿਸ ਵਿੱਚ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ। 22 ਮਾਰਚ ਨੂੰ ਹਰਿਆਣਾ ਦੇ ਹਿਸਾਰ ਦੇ ਮਾਜਰਾ ਪਿਆਉ ਵਿਖੇ, 27 ਮਾਰਚ ਨੂੰ ਰਾਜਸਥਾਨ ਅਤੇ 31 ਮਾਰਚ ਨੂੰ ਹਰਿਆਣਾ ਦੇ ਅੰਬਾਲਾ ਦੀ ਮੋਹਰਾ ਮੰਡੀ ਵਿਖੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਲੱਖਾਂ ਕਿਸਾਨ ਹਿੱਸਾ ਲੈਣਗੇ। ਇਨ੍ਹਾਂ ਸ਼ਰਧਾਂਜਲੀ ਸਮਾਗਮਾਂ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਪ੍ਰਮੁੱਖ ਲੀਡਰਸ਼ਿਪ ਸ਼ਮੂਲੀਅਤ ਕਰੇਗੀ।