ਪਠਾਨਕੋਟ: ਪਾਕਿਸਤਾਨ ਵੱਲੋਂ ਜਿੱਥੇ ਲਗਾਤਾਰ ਆਪਣੀਆਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇ ਕੇ ਭਾਰਤ ਵਿੱਚ ਨਸ਼ਾ ਭੇਜਿਆ ਜਾ ਰਿਹਾ ਹੈ, ਉੱਥੇ ਹੀ ਭਾਰਤ ਵਿੱਚ ਵੀ ਕੁਝ ਲੋਕ ਪੈਸਿਆਂ ਦੇ ਲਾਲਚ ਵਿੱਚ ਇਸ ਨਸ਼ੇ ਦੀ ਤਸਕਰੀ ਨੂੰ ਉਤਸ਼ਾਹਿਤ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਦੇ ਬਮਿਆਲ ਸੈਕਟਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੀ ਪਹਾੜੀਪੁਰ ਚੌਕੀ ਤੋਂ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ 1 ਮੁਲਜ਼ਮ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮ ਤੋਂ ਪਾਕਿਸਤਾਨੀ ਡਰੋਨ ਵੀ ਬਰਾਮਦ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਤਿੰਦਰ ਕੁਮਾਰ ਵੱਜੋਂ ਹੋਈ ਹੈ, ਜੋ ਕਿ ਹਲਕਾ ਭੋਆ ਦੇ ਤਾਰਾਗੜ੍ਹ ਦਾ ਵਾਸੀ ਹੈ। ਜਤਿੰਦਰ ਕੁਮਾਰ ਆਪਣੇ ਤਿੰਨ ਹੋਰ ਸਾਥੀਆਂ ਨਾਲ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਸਪਲਾਈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਕਰਦਾ ਸੀ। ਪੁਲਿਸ ਨੇ ਜਤਿੰਦਰ ਕੁਮਾਰ ਨੂੰ ਗੁਪਤ ਸੂਚਨਾ ਮਿਲਣ ਉੱਤੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਤੋਂ ਹੈਰੋਇਨ ਅਤੇ ਇੱਕ ਪਾਕਿਸਤਾਨੀ ਡਰੋਨ ਵੀ ਬਰਾਮਦ ਹੋਇਆ ਹੈ, ਜਿਸ ਜ਼ਰੀਏ ਉਹ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦਾ ਸੀ। ਜਤਿੰਦਰ ਕੁਮਾਰ ਦੇ ਤਿੰਨ ਸਾਥੀਆਂ ਨੂੰ ਪਹਿਲਾਂ ਹੀ ਨਾਰਕੋਟਿਕਸ ਸੈਲ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜੋ ਹੈਰੋਇਨ ਦੀ ਸਪਲਾਈ ਕਰਨ ਵਿੱਚ ਮੁਲਜ਼ਮ ਦਾ ਸਾਥ ਦਿੰਦੇ ਸਨ।
![Accused arrested with heroin and drone](https://etvbharatimages.akamaized.net/etvbharat/prod-images/10-02-2025/23512834_993_23512834_1739181949075.png)
7 ਤੋਂ 8 ਵਾਰ ਲੈ ਚੁੱਕਾ ਸੀ ਹੈਰੋਇਨ ਦੀ ਸਪਲਾਈ
ਐੱਸ.ਐੱਸ.ਪੀ ਦਲਜਿੰਦਰ ਸਿੰਘ ਨੇ ਦੱਸਿਆ ਕਿ "ਮੁਲਜ਼ਮ ਹੁਣ ਤੱਕ 7 ਤੋਂ 8 ਵਾਰ ਪਾਕਿਸਤਾਨ ਵਾਲੇ ਪਾਸੇ ਤੋਂ ਹੈਰੋਇਨ ਦੀ ਸਪਲਾਈ ਲੈ ਚੁੱਕੇ ਹਨ। ਅਸੀਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ ਕਿ ਇਹ ਮੁਲਜ਼ਮ ਕਿਸ-ਕਿਸ ਗੈਂਗ ਨਾਲ ਜੁੜੇ ਹਨ ਹੈ ਅਤੇ ਕਿੱਥੇ-ਕਿੱਥੇ ਹੈਰੋਇਨ ਦੀ ਸਪਲਾਈ ਕਰਦੇ ਸਨ। ਐੱਸ.ਐੱਸ.ਪੀ ਨੇ ਦੱਸਿਆ ਕਿ ਨਾਰੋਕ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਨਸ਼ੇ ਦੇ ਆਦਿ ਹਨ ਅਤੇ ਇਹ ਕੁਝ ਪੈਸਿਆਂ ਦੇ ਲਈ ਹੈਰੋਇਨ ਦੀ ਸਪਲਾਈ ਕਰਦੇ ਸਨ। ਮੁਲਜ਼ਮਾਂ ਉੱਤੇ ਪਹਿਲਾਂ ਨਾਜਾਇਜ਼ ਮਾਈਨਿੰਗ ਦੇ ਵੀ ਪਰਚੇ ਦਰਜ ਹਨ।"