ਤਰਨ ਤਾਰਨ: ਇੱਕ ਪਾਸੇ ਪੰਜਾਬ 'ਚ ਨਸ਼ੇ ਦੇ ਖ਼ਾਤਮੇ ਦੇ ਦਾਅਵੇ ਕੀਤੇ ਜਾ ਰਹੇ ਹਨ ਤਾਂ ਉੱਥੇ ਹੀ ਦੁਜੇ ਪਾਸੇ ਵੱਡੀ ਮਾਤਰਾ 'ਚ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਹੈ। ਜਿਸ ਤਹਿਤ ਤਰਨ ਤਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ ਵੱਡੀ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਫੜ੍ਹੇ ਗਏ ਮੁਲਜ਼ਮਾਂ ਕੋਲੋਂ ਇੱਕ ਕਿੱਲੋ ਤੋਂ ਵੱਧ ਮਾਤਰਾ 'ਚ ਹੈਰੋਇਨ ਬਰਾਮਦ ਕੀਤੀ ਗਈ ਹੈ। ਦਸ ਦੱਈਏ ਕਿ ਥਾਣਾ ਖਾਲੜਾ ਅਧੀਨ ਆਉਂਦੇ ਸਰਹੱਦੀ ਪਿੰਡ ਡੱਲ ਵਿਖੇ ਪੁਲਿਸ ਨੇ ਨਸ਼ੇ ਵਿੱਰੁਧ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਕਰੀਬ ਇੱਕ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਜਾਣਕਾਰੀ ਮੁਤਾਬਕ ਦੋਵਾਂ ਤਸਕਰਾਂ ਕੋਲੋਂ ਬਰਾਮਦ ਕੀਤੀ ਗਈ ਇੱਕ ਕਿੱਲੋ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਵਿੱਚ ਕਰੀਬ ਪੰਜ ਕਰੋੜ ਰੁਪਏ ਦੱਸੀ ਜਾਂਦੀ ਹੈ।
ਪਾਕਿਸਤਾਨ ਤੋਂ ਆਈ ਹੈਰੋਇਨ
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ. ਨਿਰਮਲ ਸਿੰਘ ਨੇ ਦੱਸਿਆ ਕਿ, 'ਚੌਂਕੀ ਇੰਚਾਰਜ ਰਾਜੋਕੇ ਏ.ਐੱਸ.ਆਈ. ਨੂੰ ਖ਼ਾਸ ਇਤਲਾਹ ਮਿਲੀ ਸੀ ਕਿ ਪਿੰਡ ਡੱਲ ਦਾ ਰਹਿਣ ਵਾਲਾ ਸੰਨੀ, ਪੁੱਤਰ ਲਾਹੌਰਾ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਜੈਮਲ ਸਿੰਘ ਨਸ਼ੇ ਦੀ ਤਸਕਰੀ ਕਰਦੇ ਹਨ ਅਤੇ ਉਹ ਪਾਕਿਸਤਾਨੀ ਡਰੋਨ ਨਾਲ ਸੁੱਟੀ ਗਈ ਹੈਰੋਇਨ ਲੈ ਕੇ ਬਾਰਡਰ ਤੋਂ ਪਿੰਡ ਡੱਲ ਵੱਲ ਆ ਰਹੇ ਹਨ। ਇਸ ਇਤਲਾਹ ਤੋਂ ਤੁਰੰਤ ਬਾਅਦ ਪੁਲਿਸ ਪਾਰਟੀ ਨੇ ਮੌਕੇ 'ਤੇ ਨਾਕਾ ਲਗਾ ਕੇ ਦੋਵਾਂ ਵਿਅਕਤੀਆਂ ਨੂੰ ਰੋਕਿਆ ਅਤੇ ਮੁਲਜ਼ਮ ਸੰਨੀ ਕੋਲੋਂ ਤਲਾਸ਼ੀ ਦੌਰਾਨ 509 ਗ੍ਰਾਮ ਹੈਰੋਇਨ ਅਤੇ ਬਲਵਿੰਦਰ ਸਿੰਘ ਕੋਲੋਂ 513 ਗ੍ਰਾਮ ਹੈਰੋਇਨ ਬਰਾਮਦ ਕੀਤੀ,'।
ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਦਰਜ ਹਨ ਮਾਮਲੇ
ਡੀਐਸਪੀ ਨੇ ਦੱਸਿਆ ਕਿ ਫੜ੍ਹੇ ਗਏ ਦੋਵੇਂ ਮੁਲਜ਼ਮਾਂ ਵਿਰੁੱਧ ਥਾਣਾ ਖਾਲੜਾ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਪੁਲਿਸ ਮੁਤਾਬਿਕ ਮੁਲਜ਼ਮ ਹਿਸਟਰੀ ਸ਼ੀਟਰ ਹਨ ਅਤੇ ਪਹਿਲਾਂ ਵੀ ਇਨ੍ਹਾਂ ਵਿਰੁੱਧ ਮਾਮਲੇ ਦਰਜ ਹਨ। ਇਸ ਦੇ ਨਾਲ ਹੀ ਪੁਲਿਸ ਵੱਲੋਂ ਪੁੱਛਗਿੱਛ ਕਰਕੇ ਬੈਕਵਰਡ-ਫਾਰਵਰਡ ਲਿੰਕਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਇਨ੍ਹਾਂ ਨਸ਼ਾ ਤਸਕਰਾਂ ਨੇ ਇਹ ਹੈਰੋਇਨ ਅੱਗੇ ਕਿਸ ਨੂੰ ਸਪਲਾਈ ਕਰਨੀ ਸੀ।