ਲੁਧਿਆਣਾ:ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡੀਐਮਸੀ ਹਸਪਤਾਲ ਤੋਂ ਦੇਰ ਸ਼ਾਮ ਛੁੱਟੀ ਮਿਲ ਗਈ ਹੈ। ਬੀਤੇ ਤਿੰਨ ਦਿਨ ਤੋਂ ਉਹ ਲੁਧਿਆਣਾ ਡੀਐਮਸੀ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਦਾਖਲ ਸਨ। ਉਹਨਾਂ ਨੂੰ ਪੁਲਿਸ ਨੇ ਹਸਪਤਾਲ ਅੰਦਰ ਰੱਖਿਆ ਹੋਇਆ ਸੀ। ਲਗਾਤਾਰ ਕਿਸਾਨ ਯੂਨੀਅਨ ਵੱਲੋਂ ਦਬਾਅ ਬਣਾਏ ਜਾਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਜਗਜੀਤ ਡਲੇਵਾਲ ਨੂੰ ਅੱਜ ਮਜਬੂਰੀ ਵੱਸ ਛੁੱਟੀ ਦੇਣੀ ਪਈ।
ਡੀਐਮਸੀ ਹਸਪਤਾਲ ਪੁਲਿਸ ਛਾਉਣੀ ਵਿੱਚ ਤਬਦੀਲ
ਡੀਐਮਸੀ ਹਸਪਤਾਲ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਹਲੇ ਤੱਕ ਉਹਨਾਂ ਦੀ ਫਾਈਲ ਤੱਕ ਨਹੀਂ ਬਣਾਈ ਕਿਉਂਕਿ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਹੈ। ਪਿਛਲੇ ਤਿੰਨ ਦਿਨ ਤੋਂ ਡੀਐਮਸੀ ਹਸਪਤਾਲ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕੀਤਾ ਹੋਇਆ ਸੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅੱਜ ਖਨੌਰੀ ਬਾਰਡਰ ਤੋਂ ਲੁਧਿਆਣਾ ਡੀਐਮਸੀ ਪਹੁੰਚੇ। ਜਿਨ੍ਹਾਂ ਦੇ ਨਾਲ ਬੈਠ ਕੇ ਸਾਂਝੇ ਤੌਰ ਉੱਤੇ ਡਲੇਵਾਲ ਵੱਲੋਂ ਛੁੱਟੀ ਮਿਲਣ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ।
ਕਿਸਾਨੀ ਲਈ ਕੁਰਬਾਨੀ ਜ਼ਰੂਰੀ
ਜਗਜੀਤ ਡਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਰਵੱਈਏ ਨੇ ਸਾਫ ਕਰ ਦਿੱਤਾ ਹੈ ਕਿ ਉਹ ਕੇਂਦਰ ਸਰਕਾਰ ਵਾਲੇ ਕੰਮ ਹੀ ਕਰ ਰਹੀ ਹੈ। ਉਹਨਾਂ ਕਿਹਾ ਕਿ ਮੇਰਾ ਕੋਈ ਖੂਨ ਤੱਕ ਵੀ ਚੈੱਕ ਨਹੀਂ ਕੀਤਾ ਨਾ ਹੀ ਮੈਨੂੰ ਕੋਈ ਦਿਵਾਈ ਦਿੱਤੀ ਗਈ। ਉਹਨਾਂ ਕਿਹਾ ਕਿ ਮੈਂ ਮਰਨ ਵਰਤ ਉੱਤੇ ਬੈਠਾ ਸੀ ਅਤੇ ਬੈਠਾ ਰਹਾਂਗਾ, ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਸੰਘਰਸ਼ ਨਹੀਂ ਰੁਕੇਗਾ। ਉਹਨਾਂ ਕਿਹਾ ਕਿ ਕਿਸਾਨੀ ਨੂੰ 100 ਸਾਲ ਦੇ ਲਈ ਬਚਾਉਣਾ ਹੈ ਅਤੇ ਜੇਕਰ ਮੇਰੇ ਮਰਨ ਦੇ ਨਾਲ 100 ਸਾਲ ਲਈ ਕਿਸਾਨੀ ਬਚ ਜਾਂਦੀ ਹੈ ਤਾਂ ਮੈਨੂੰ ਇਸ ਵਿੱਚ ਖੁਸ਼ੀ ਹੋਵੇਗੀ। ਉਹਨਾਂ ਕਿਹਾ ਕਿ ਸਾਨੂੰ ਮਜਬੂਰੀ ਵਿੱਚ ਇਹ ਫੈਸਲਾ ਕਰਨਾ ਪਿਆ ਹੈ ਕਿਉਂਕਿ ਸਰਕਾਰਾਂ ਸਾਡੀਆਂ ਮੰਗਾਂ ਵੱਲ ਕੋਈ ਗੌਰ ਨਹੀਂ ਕਰ ਰਹੀਆਂ।