ਕਪੂਰਥਲਾ/ਰੂਪਨਗਰ: ਇਨਕਮ ਟੈਕਸ ਵਿਭਾਗ ਨੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਵੀਰਵਾਰ ਸਵੇਰੇ ਚੰਡੀਗੜ੍ਹ ਤੋਂ ਆਮਦਨ ਕਰ ਵਿਭਾਗ ਦੀ ਟੀਮ ਨੇ ਸਰਕੂਲਰ ਰੋਡ ਸਥਿਤ ਵਿਧਾਇਕ ਦੀ ਰਿਹਾਇਸ਼ 'ਤੇ ਛਾਪਾ ਮਾਰਿਆ। ਇਸ ਦੇ ਨਾਲ ਹੀ ਰੋਪੜ 'ਚ ਵੀ ਵਿਧਾਇਕ ਰਾਣਾ ਗੁਰਜੀਤ ਦੇ ਕਰੀਬੀ ਜੀਵਨ ਗਿੱਲ ਦੇ ਘਰ 'ਚ ਕੇਂਦਰੀ ਏਜੰਸੀ ਇਨਕਮ ਟੈਕਸ ਵੱਲੋਂ ਰੇਡ ਕੀਤੀ ਗਈ ਹੈ।
ਰਾਣਾ ਗੁਰਜੀਤ ਦੇ ਘਰ ਛਾਪਾ (Etv Bharat) ਰਾਣਾ ਗੁਰਜੀਤ ਦੇ ਘਰ ਰੇਡ
ਇਹ ਟੀਮ ਚਾਰ ਤੋਂ ਪੰਜ ਵਾਹਨਾਂ ਵਿੱਚ ਆਈ ਅਤੇ ਉਨ੍ਹਾਂ ਦੇ ਨਾਲ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਜਵਾਨ ਵੀ ਮੌਜੂਦ ਸਨ। ਛਾਪੇਮਾਰੀ ਦੌਰਾਨ ਰਿਹਾਇਸ਼ ਦੇ ਸਾਰੇ ਗੇਟ ਅੰਦਰੋਂ ਬੰਦ ਕਰ ਲਏ ਗਏ ਸਨ। ਮੀਡੀਆ ਰਿਪੋਰਟਾਂ ਅਨੁਸਾਰ ਇਸ ਕਾਰਵਾਈ ਬਾਰੇ ਸਥਾਨਕ ਪੁਲਿਸ ਨੂੰ ਵੀ ਅਗਾਊਂ ਸੂਚਨਾ ਨਹੀਂ ਦਿੱਤੀ ਗਈ ਸੀ।
ਕਾਂਗਰਸੀ ਵਰਕਰ (Etv Bharat) ਜੋ ਅੱਜ ਸਰਕਾਰ ਵਲੋਂ ਏਜੰਸੀਆਂ ਰਾਹੀਂ ਰਾਣਾ ਗੁਰਜੀਤ ਤੇਅ ਉਨ੍ਹਾਂ ਦੇ ਕਰੀਬੀਆਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ, ਉਸ ਕਾਰਨ ਅਸੀਂ ਰਾਣਾ ਗੁਰਜੀਤ ਦੇ ਸਮਰਥਨ 'ਚ ਆਏ ਹਾਂ ਅਤੇ ਸਾਰਾ ਹੀ ਕਪੂਰਥਲਾ ਅੱਜ ਇਥੇ ਖੜ੍ਹਾ ਹੈ। ਅਸੀਂ ਏਜੰਸੀਆਂ ਦੇ ਕੰਮ 'ਚ ਕੋਈ ਵਿਘਨ ਪਾਉਣ ਲਈ ਨਹੀਂ ਆਏ, ਸਿਰਫ਼ ਰਾਣਾ ਜੀ ਦੇ ਸਮਰਥਨ 'ਚ ਖੜ੍ਹੇ ਹਾਂ ਤਾਂ ਜੋ ਪਤਾ ਤਾਂ ਲੱਗੇ ਕਿ ਹੋ ਕੀ ਰਿਹਾ ਹੈ। ਸਾਨੂੰ ਸਵੇਰ ਤੋਂ ਹੀ ਕੁਝ ਜਾਣਕਾਰੀ ਸੀ ਕਿ ਜਿਸ ਤਰੀਕੇ ਦੇ ਧੱਕੇ ਨਾਲ ਸਰਕਾਰ ਇੱਥੇ ਮਹੌਲ ਬਣਾ ਰਹੀ ਹੈ। ਇੰਨੀ ਧੱਕੇਸ਼ਾਹੀ ਬਹੁਤ ਹੀ ਸਮਾਜਿਕ ਅਤੇ ਸ਼ਾਂਤ ਲੀਡਰ ਨਾਲ ਹੋ ਰਹੀ ਹੈ, ਇਸ ਲਈ ਆਪਣੇ ਸਮਰਥਕਾਂ ਦੇ ਨਾਲ ਖੜੇ ਹਾਂ।- ਕਾਂਗਰਸੀ ਵਰਕਰ ਤੇ ਰਾਣਾ ਗੁਰਜੀਤ ਦੇ ਸਮਰਥਕ, ਕਪੂਰਥਲਾ
ਛਾਪੇਮਾਰੀ ਦੇ ਕਾਰਨਾਂ ਦਾ ਨਹੀਂ ਲੱਗਿਆ ਪਤਾ
ਜਾਂਚ ਦੌਰਾਨ ਵਿਧਾਇਕ ਦੇ ਦਫ਼ਤਰ ਦੇ ਸਾਰੇ ਮੁਲਾਜ਼ਮਾਂ ਦੇ ਮੋਬਾਈਲ ਫ਼ੋਨ ਸਵਿੱਚ ਆਫ਼ ਪਾਏ ਗਏ। ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਫਿਲਹਾਲ ਛਾਪੇਮਾਰੀ ਦੇ ਕਾਰਨਾਂ ਅਤੇ ਜਾਂਚ ਦੇ ਵੇਰਵਿਆਂ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਬਚ ਰਹੇ ਹਨ। ਇਹ ਕਾਰਵਾਈ ਕਿਸ ਮਾਮਲੇ 'ਚ ਕੀਤੀ ਗਈ ਹੈ, ਉਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਰਾਣਾ ਗੁਰਜੀਤ ਦੇ ਕਰੀਬੀ ਦੇ ਘਰ ਛਾਪਾ (Etv Bharat) ਰੋਪੜ 'ਚ ਵਿਧਾਇਕ ਦੇ ਕਰੀਬੀ ਦੇ ਘਰ ਛਾਪਾ
ਰੋਪੜ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਆਮਦਨ ਕਰ ਵਿਭਾਗ ਦੇ ਚਾਰ ਅਧਿਕਾਰੀ ਰੇਡ ਲਈ ਆਏ ਹਨ, ਜਿਨ੍ਹਾਂ ਨਾਲ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਚਾਰ ਜਵਾਨ ਵੀ ਮੌਜੂਦ ਹਨ। ਜਾਣਕਾਰੀ ਅਨੁਸਾਰ ਦੋ ਜਵਾਨ ਗੇਟ 'ਤੇ ਖੜ੍ਹੇ ਹਨ, ਜਦਕਿ ਦੋ ਇਨਕਮ ਟੈਕਸ ਅਧਿਕਾਰੀਆਂ ਨਾਲ ਘਰ ਦੇ ਅੰਦਰ ਹਨ। ਫਿਲਹਾਲ ਜਿਸ ਘਰ ਵਿੱਚ ਛਾਪੇਮਾਰੀ ਕੀਤੀ ਜਾ ਰਹੀ, ਉਸ ਘਰ ਦੇ ਵਿੱਚ ਰਹਿਣ ਵਾਲੇ ਮੈਂਬਰਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ ਹੈ।
ਸਿਆਸਤਦਾਨ ਦੇ ਨਾਲ-ਨਾਲ ਕਾਰੋਬਾਰੀ ਰਾਣਾ ਗੁਰਜੀਤ
ਦੱਸ ਦਈਏ ਕਿ ਰਾਣਾ ਗੁਰਜੀਤ ਸਿੰਘ ਇੱਕ ਸਿਆਸਤਦਾਨ ਹੋਣ ਦੇ ਨਾਲ-ਨਾਲ ਇੱਕ ਵੱਡੇ ਕਾਰੋਬਾਰੀ ਵੀ ਹਨ। ਉਨ੍ਹਾਂ ਦੀ ਸ਼ੂਗਰ ਮਿੱਲ ਹੈ ਅਤੇ ਸ਼ਰਾਬ ਦਾ ਕਾਰੋਬਾਰ ਵੀ ਹੈ। ਰਾਣਾ ਗੁਰਜੀਤ ਸਿੰਘ ਕੈਪਟਨ ਸਰਕਾਰ ਵੇਲੇ ਪੰਜਾਬ ਮੰਤਰੀ ਮੰਡਲ ਦਾ ਹਿੱਸਾ ਵੀ ਸਨ। ਇਸ ਵਾਰ ਵੀ ਉਹ ਆਮ ਆਦਮੀ ਪਾਰਟੀ ਦੀ ਲਹਿਰ ਹੋਣ ਦੇ ਬਾਵਜੂਦ ਕਪੂਰਥਲਾ ਤੋਂ ਵਿਧਾਇਕ ਚੁਣੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵੀ ਇਸ ਵਾਰ ਅਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਹੈ।