ਅੰਮ੍ਰਿਤਸਰ : ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਗੋਲੀ ਮਾਰ ਕੇ ਕਤਲ ਕੀਤੀ ਗਈ ਔਰਤ ਦੇ ਮਾਮਲੇ 'ਚ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਚਲੱਦਿਆਂ ਮ੍ਰਿਤਕਾ ਦੇ ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਮ੍ਰਿਤਕਾ ਦਾ ਪਤੀ ਭਗਵੰਤ ਸਿੰਘ ਆਪਣੇ 4 ਮਹੀਨੇ ਦੇ ਬੱਚੇ ਅਤੇ 4 ਸਾਲਾਂ ਦੀ ਮਾਸੂਮ ਬੱਚੀ ਨੂੰ ਲੈਕੇ ਰੋ-ਰੋ ਕੇ ਪੁਲਿਸ ਦੇ ਹਾੜੇ ਕੱਢ ਰਿਹਾ ਹੈ ਕਿ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ। ਉਸ ਦੀ ਪਤਨੀ ਅਤੇ ਮਾਸੂਮ ਬੱਚਿਆਂ ਦੀ ਮਾਂ ਦੇ ਕਤਲਾਂ ਨੂੰ ਕਾਬੂ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਪੁਲਿਸ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਬਜਾਏ ਪਰਿਵਾਰ ਨੂੰ ਕਰ ਰਹੀ ਤੰਗ:ਦਰਅਸਲ ਪਿਛਲੇ ਦਿਨੀਂ ਸ਼ਹਿਰ 'ਚ ਦਿਨ ਦਿਹਾੜੇ ਰਾਜਾਸਾਂਸੀ ਘਰ 'ਚ ਦਾਖਲ ਹੋਕੇ ਕੁਝ ਲੋਕਾਂ ਵੱਲੋਂ ਸ਼ਰੇਆਮ ਇੱਕ ਔਰਤ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਜਿਸ ਦੌਰਾਨ ਔਰਤ ਆਪਣੇ 4 ਮਹੀਨੇ ਦੇ ਬੱਚੇ ਨਾਲ ਇਕੱਲੀ ਘਰ ਸੀ ਅਤੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ। ਜਿਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਰਕੇ ਜਾਂਚ ਦਾ ਭਰੋਸਾ ਦਿੱਤਾ ਸੀ ਪਰ ਹੁਣ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੁਲਿਸ ਵੱਲੋਂ ਪੀੜਤ ਪਤੀ ਅਤੇ ਉਸ ਦੇ ਸਾਥੀਆਂ ਨੂੰ ਹੀ ਠਾਣੇ ਬੁਲਾਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਪੀੜਤ ਪਤੀ ਆਪਣੇ ਬੱਚਿਆਂ ਅਤੇ ਮਾਤਾ ਪਿਤਾ ਨੂੰ ਨਾਲ ਲੈ ਕੇ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ ਲਈ ਗੁਹਾਰ ਲਗਾ ਰਿਹਾ ਹੈ। ਇਸ ਸਬੰਧੀ ਬੋਲਦੇ ਹੋਏ ਪੀੜਿਤ ਭਗਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਚਾਰ ਮਹੀਨੇ ਦਾ ਬੇਟਾ ਹੈ ਤੇ ਚਾਰ ਸਾਲ ਦੀ ਬੱਚੀ ਹੈ। ਉਹਨਾਂ ਕਿਹਾ ਕਿ ਉਸ ਉੱਪਰ ਕਈ ਤਰ੍ਹਾਂ ਦੇ ਵੱਖ ਵੱਖ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਹਨ, ਜੋਕਿ ਬਿਲਕੁਲ ਝੂਠ ਹਨ।