ਚੰਡੀਗੜ੍ਹ: ਬਾਲ ਗਾਇਕ ਦੇ ਤੌਰ ਉਤੇ ਅਪਣੇ ਗਾਇਕੀ ਸਫ਼ਰ ਦਾ ਅਗਾਜ਼ ਕਰਨ ਵਾਲੇ ਗਾਇਕ ਹਰਭਜਨ ਮਾਨ ਪੰਜਾਬੀ ਸੰਗੀਤ ਦੀ ਦੁਨੀਆਂ ਵਿੱਚ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ। ਇਹ ਗਾਇਕ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ, ਪੰਜਾਬ ਦੇ ਮਾਲਵਾ ਖੇਤਰ ਨਾਲ ਸੰਬੰਧਤ ਅਤੇ ਆਲਮੀ ਪੱਧਰ ਉੱਪਰ ਅਪਣੀ ਨਾਯਾਬ ਗਾਇਨ ਕਲਾ ਦਾ ਲੋਹਾ ਮੰਨਵਾਉਣ ਵਾਲੇ ਇਸ ਬਾਕਮਾਲ ਗਾਇਕ ਅਤੇ ਅਦਾਕਾਰ ਦੇ ਜੀਵਨ ਅਤੇ ਕਰੀਅਰ ਦੇ ਵੱਖ-ਵੱਖ ਰਹੇ ਪੜਾਵਾਂ ਵੱਲ ਮਾਰਦੇ ਹਾਂ ਆਓ ਇੱਕ ਝਾਤ...।
ਗਾਇਕ ਦੇ ਸ਼ੁਰੂਆਤੀ ਜੀਵਨ ਬਾਰੇ
ਜ਼ਿਲ੍ਹਾਂ ਬਠਿੰਡਾ ਦੇ ਪਿੰਡ ਖੇਮੂਆਣਾ ਨਾਲ ਸੰਬੰਧਤ ਹਰਭਜਨ ਮਾਨ ਦੇ ਪਿਤਾ ਗੁਰਚਰਨ ਸਿੰਘ ਇਲਾਕੇ ਦੇ ਰਸੂਖ਼ਦਾਰ ਪਰਿਵਾਰ ਵਜੋਂ ਅਪਣਾ ਸ਼ੁਮਾਰ ਕਰਵਾਉਂਦੇ ਰਹੇ ਹਨ, ਜਿੰਨ੍ਹਾਂ ਦੇ ਤਿੰਨ ਬੇਟਿਆਂ ਵਿੱਚੋਂ ਵਿਚਕਾਰਲੇ ਰਹੇ ਹਰਭਜਨ ਮਾਨ 10 ਸਾਲ ਦੀ ਨਿੱਕੜੀ ਉਮਰ ਵਿੱਚ ਹੀ ਅਪਣੀ ਵੱਡੀ ਭੈਣ ਕੋਲ ਭਰਾਵਾਂ ਸਮੇਤ ਕੈਨੇਡਾ ਚਲੇ ਗਏ, ਜਿੰਨ੍ਹਾਂ ਬਾਲ ਗਾਇਕ ਦੇ ਤੌਰ ਉਤੇ ਬ੍ਰਿਟਿਸ਼ ਕੋਲੰਬੀਆ ਵਿਖੇ ਹੀ ਅਪਣੇ ਗਾਇਕੀ ਸਫ਼ਰ ਦਾ ਅਗਾਜ਼ ਕੀਤਾ, ਜੋ ਬਚਪਨ ਸਮੇਂ ਤੋਂ ਗਾਇਕੀ ਵਾਲੇ ਪਾਸੇ ਖਿੱਚ ਰੱਖਦੇ ਰਹੇ ਸਨ।
ਕਵੀਸ਼ਰੀ ਦੇ ਬਾਬਾ ਬੋਹੜ ਮੰਨੇ ਜਾਂਦੇ ਰਹੇ ਮਹਾਨ ਕਵੀਸ਼ਰ ਸਵ. ਕਰਨੈਲ ਸਿੰਘ ਪਾਰਸ ਨਾਲ ਗਾਇਕੀ ਪੈਂਡੇ ਦੀ ਸ਼ੁਰੂਆਤ ਕਰਨ ਵਾਲੇ ਹਰਭਜਨ ਮਾਨ ਵੱਲੋਂ ਅਪਣੇ ਰਸਮੀ ਗਾਇਨ ਦਾ ਮੁੱਢ ਧਾਰਮਿਕ ਪ੍ਰੋਗਰਾਮਾਂ ਵਿੱਚ ਕੀਤੀ ਗਈ ਕਵੀਸ਼ਰੀ ਨਾਲ ਹੀ ਸਾਲ 1980 ਵਿੱਚ ਬੰਨਿਆ ਗਿਆ, ਜਿੰਨ੍ਹਾਂ ਦਾ ਸ਼ੌਂਕੀਆ ਗਾਇਕ ਵਜੋਂ ਜਾਰੀ ਹੋਇਆ ਸਫ਼ਰ ਸਾਲ 1992 ਵਿੱਚ ਉਸ ਸਮੇਂ ਪੇਸ਼ੇਵਰ ਗਾਇਕੀ ਵਿੱਚ ਤਬਦੀਲ ਹੋਇਆ, ਜਦੋਂ ਉਨ੍ਹਾਂ ਪੰਜਾਬ ਦੇ ਪ੍ਰਮੁੱਖ ਮੇਲਿਆਂ ਵਿੱਚ ਅਪਣੀ ਹਾਜ਼ਰੀ ਲਵਾਉਣੀ ਸ਼ੁਰੂ ਕੀਤੀ।
ਪ੍ਰੋਫੈਸਰ ਮੋਹਨ ਸਿੰਘ ਮੇਲੇ ਸਮੇਤ ਕਈ ਪੰਜਾਬ ਦੀਆਂ ਕਈ ਸੱਭਿਆਚਾਰਕ ਪਿੜ੍ਹਾਂ ਦਾ ਆਕਰਸ਼ਣ ਰਹੇ ਹਰਭਜਨ ਮਾਨ ਨੂੰ ਗਾਇਕੀ ਖੇਤਰ ਵਿੱਚ ਸਥਾਪਤੀ ਦੇਣ ਵਿੱਚ ਉਨ੍ਹਾਂ ਦੇ ਸਾਲ 1993 ਵਿੱਚ ਰਿਲੀਜ਼ ਹੋਏ ਉਨ੍ਹਾਂ ਦੇ ਗਾਣੇ 'ਚਿੱਠੀਏ ਨੀਂ ਚਿੱਠੀਏ' ਨੇ ਅਹਿਮ ਭੂਮਿਕਾ ਨਿਭਾਈ, ਜਿਸ ਤੋਂ ਬਾਅਦ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਏ, ਜਿੰਨ੍ਹਾਂ ਵਿੱਚ 'ਅੱਲੜ੍ਹ ਉਮਰ ਨਿਆਣੀ', 'ਜੱਗ ਜੰਕਸ਼ਨ ਰੇਲਾਂ ਦਾ', 'ਗਲ੍ਹਾਂ ਗੋਰੀਆਂ' ਆਦਿ ਸ਼ੁਮਾਰ ਰਹੇ, ਜੋ ਮਕਬੂਲੀਅਤ ਦੇ ਅਪਾਰ ਕੀਰਤੀਮਾਨ ਸਥਾਪਿਤ ਕਰਨ ਵਿੱਚ ਵੀ ਸਫ਼ਲ ਰਹੇ।
'ਟੀ-ਸੀਰੀਜ਼' ਜਿਹੀਆਂ ਕਈ ਮੰਨੀਆਂ ਪ੍ਰਮੰਨੀਆਂ ਸੰਗੀਤ ਕੰਪਨੀਆਂ ਦੇ ਵੱਡੇ ਗਾਣਿਆਂ ਅਤੇ ਸੰਗੀਤਕ ਵੀਡੀਓ ਦਾ ਹਿੱਸਾ ਹਰਭਜਨ ਮਾਨ ਦੇ ਫਿਲਮੀ ਸਫ਼ਰ ਦੀ ਗੱਲ ਕਰੀਏ ਤਾਂ ਇਸ ਦਾ ਆਗਾਜ਼ ਸਾਲ 2002 ਵਿੱਚ ਆਈ ਅਤੇ ਸੁਪਰ-ਡੁਪਰ ਹਿੱਟ ਰਹੀ 'ਜੀਅ ਆਇਆ ਨੂੰ' ਨਾਲ ਹੋਇਆ, ਜਿੰਨ੍ਹਾਂ ਦੀ ਇਸ ਬਹੁ-ਚਰਚਿਤ ਫਿਲਮ ਨੇ ਪੰਜਾਬੀ ਸਿਨੇਮਾ ਨੂੰ ਮੁੜ ਸੁਰਜੀਤੀ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਪੰਜਾਬੀ ਫਿਲਮਾਂ ਵਿੱਚ ਗਾਇਕ ਦੀ ਮੌਜ਼ੂਦਗੀ
ਪੰਜਾਬੀ ਸਿਨੇਮਾ ਦੇ ਸਟਾਰ ਵਜੋਂ ਮੌਜੂਦਗੀ ਦਰਜ ਕਰਾਉਣ ਵਾਲੇ ਪਹਿਲੇ ਨਾਇਕ ਰਹੇ ਹਰਭਜਨ ਮਾਨ ਦੀ ਉਕਤ ਫਿਲਮ ਤੋਂ ਬਾਅਦ ਬੈਕ-ਟੂ-ਬੈਕ ਸਾਹਮਣੇ ਆਈਆਂ ਫਿਲਮਾਂ ਨੇ ਵੀ ਪੰਜਾਬੀ ਸਿਨੇਮਾ ਨੂੰ ਨਵੇਂ ਅਯਾਮ ਅਤੇ ਗਲੋਬਲੀ ਅਧਾਰ ਦੇਣ ਵਿੱਚ ਖਾਸਾ ਯੋਗਦਾਨ ਦਿੱਤਾ ਹੈ, ਜਿੰਨ੍ਹਾਂ ਵਿੱਚ 'ਦਿਲ ਅਪਣਾ ਪੰਜਾਬੀ', 'ਅਸਾਂ ਨੂੰ ਮਾਣ ਵਤਨਾਂ ਦਾ', 'ਮੇਰਾ ਪਿੰਡ', 'ਮਿੱਟੀ ਵਾਜਾਂ ਮਾਰਦੀ', 'ਜੱਗ ਜਿਉਂਦਿਆਂ ਦੇ ਮੇਲੇ', 'ਹੀਰ ਰਾਝਾਂ' ਆਦਿ ਸ਼ਾਮਿਲ ਰਹੀਆਂ ਹਨ।
ਚਾਰ ਦਹਾਕਿਆਂ ਦਾ ਸੁਨਿਹਰਾ ਗਾਇਨ ਸਫ਼ਰ ਹੰਢਾ ਚੁੱਕੇ ਹਰਭਜਨ ਮਾਨ ਦੀ ਗਾਇਕੀ ਸਫਾਂ ਵਿੱਚ ਮੰਗ ਅਤੇ ਮੌਜੂਦਗੀ ਹਾਲੇ ਵੀ ਜਿਓ ਦੀ ਤਿਓ ਕਾਇਮ ਹੈ, ਜੋ ਲੋਕ ਗਾਇਕੀ ਦੇ ਸ਼ਾਨਮੱਤੇ ਸਿਲਸਿਲੇ ਦੀ ਅਜੇ ਵੀ ਜਗ ਰਹੀ ਲੋਅ ਨੂੰ ਵੀ ਪ੍ਰਤੀਬਿੰਬਤ ਕਰ ਰਹੇ ਹਨ।
ਇਹ ਵੀ ਪੜ੍ਹੋ: