ਚੰਡੀਗੜ੍ਹ: ਦੁਨੀਆਂ ਭਰ ਵਿੱਚ ਪੰਜਾਬੀਅਤ ਦਾ ਨਾਂਅ ਰੁਸ਼ਨਾਉਣ 'ਚ ਅਹਿਮ ਭੂਮਿਕਾ ਨਿਭਾ ਰਹੇ ਹਨ ਸਟਾਰ ਗਾਇਕ ਦਿਲਜੀਤ ਦੁਸਾਂਝ, ਜਿੰਨ੍ਹਾਂ ਦਾ ਅੱਜ ਲੁਧਿਆਣਾ ਹੋਣ ਜਾ ਰਿਹਾ ਗ੍ਰੈਂਡ ਸ਼ੋਅ ਸਿੱਖੀ ਦੇ ਪ੍ਰਤੀਕ ਵਜੋਂ ਵੀ ਉਭਰਨ ਜਾ ਰਿਹਾ ਹੈ, ਜਿਸ ਦੌਰਾਨ ਉਹ ਦਸਤਾਰ ਸਜਾਉਣ ਦਾ ਵਿਸ਼ਾਲ ਕੈਂਪ ਆਯੋਜਿਤ ਕਰਨ ਜਾ ਰਹੇ ਹਨ।
'ਦਿਲ-ਲੂਮੀਨਾਟੀ' ਟੂਰ ਲੜੀ ਅਧੀਨ ਆਯੋਜਿਤ ਕੀਤੇ ਜਾ ਰਹੇ ਉਕਤ ਸ਼ੋਅ ਦਾ ਆਯੋਜਨ ਕਾਫ਼ੀ ਵੱਡੇ ਪੱਧਰ ਉਪਰ ਹੋਣ ਜਾ ਰਿਹਾ ਹੈ, ਜਿਸ ਮੱਦੇਨਜ਼ਰ ਪੀਏਯੂ ਵਿਖੇ ਹੋਣ ਜਾ ਰਹੇ ਇਸ ਕੰਸਰਟ ਦੌਰਾਨ ਹੀ ਦਸਤਾਰ ਸਜਾਉਣ ਦਾ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਦਿਲਜੀਤ ਦੁਸਾਂਝ ਦੁਆਰਾ ਅੰਜ਼ਾਮ ਦਿੱਤਾ ਜਾ ਰਿਹਾ ਇਸ ਤਰ੍ਹਾਂ ਦਾ ਪਹਿਲਾਂ ਉਪਰਾਲਾ ਹੋਵੇਗਾ, ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹ ਸਿੱਖੀ ਅਤੇ ਕਦਰਾਂ-ਕੀਮਤਾਂ ਦੇ ਨਾਲ-ਨਾਲ ਅਪਣੀ ਧਰਤੀ ਨੂੰ ਮਾਨ ਸਨਮਾਨ ਦਿੰਦੇ ਨਜ਼ਰੀ ਆਉਂਦੇ ਰਹੇ ਹਨ।
ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿਣ ਲਈ ਸਾਹਮਣੇ ਆਉਣ ਜਾ ਰਹੇ ਉਕਤ ਮੇਘਾ ਸ਼ੋਅ ਦੌਰਾਨ ਦਸਤਾਰ ਸਜਾਉਣ ਦਾ ਇਹ ਕੈਂਪ ਇਸ ਕੰਸਰਟ ਦਾ ਖਾਸ ਆਕਰਸ਼ਨ ਹੋਵੇਗਾ, ਜਿਸ ਦੀ ਅਗਵਾਈ ਦਿਲਜੀਤ ਦੁਸਾਂਝ ਦੀ ਪ੍ਰਬੰਧਨ ਟੀਮ ਦੇ ਪ੍ਰਮੁੱਖ ਗੁਰਪ੍ਰਤਾਪ ਸਿੰਘ ਕੰਗ ਕਰਨਗੇ, ਜੋ ਇਸ ਕੈਂਪ ਸੰਬੰਧਤ ਅਪਣੀਆਂ ਜ਼ਿੰਮੇਵਾਰੀਆਂ ਨੂੰ ਅੰਜ਼ਾਮ ਦੇਣ ਲਈ ਨਿਰਧਾਰਿਤ ਸਥਲ ਪਹੁੰਚ ਚੁੱਕੇ ਹਨ।
ਉਕਤ ਕੈਂਪ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਬੱਚਿਆਂ ਤੋਂ ਲੈ ਕੇ ਲੜਕੀਆਂ, ਮਹਿਲਾਵਾਂ ਅਤੇ ਨੌਜਵਾਨਾਂ ਆਦਿ ਹਰ ਇੱਕ ਲਈ ਹਰ ਤਰ੍ਹਾਂ ਦੀ ਦਸਤਾਰ ਸਜਾਉਣ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ, ਜਿਸ ਲਈ ਬੇਹੱਦ ਪੁਖ਼ਤਾ ਅਤੇ ਸੁਚਾਰੂ ਪ੍ਰਬੰਧਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ਅਤੇ ਇਸ ਲਈ ਕੋਈ ਫੀਸ ਵਗੈਰਾ ਚਾਰਜ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: