ਸੰਗਰੂਰ/ਖ਼ਨੌਰੀ ਬਾਰਡਰ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਬੰਦ ਹੋ ਗਿਆ ਹੈ। ਡਾਕਟਰਾਂ ਨੂੰ ਡੱਲੇਵਾਲ ਦੇ ਡ੍ਰਿਪ ਲਗਾਉਣ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਮਰਨ ਵਰਤ 'ਤੇ ਬੈੈਠੇ ਕਿਸਾਨ ਆਗੂ ਜਗਜੀਤ ਸਿੰਘ ਦਾ ਸਰੀਰ ਦਿਨ ਪ੍ਰਤੀ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀਆਂ ਨਸਾਂ ਨਹੀਂ ਮਿਲ ਰਹੀਆਂ ਹਨ। ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਪਿਛਲੇ 6 ਦਿਨ ਤੋਂ ਪਰੇਸ਼ਾਨ ਹੋ ਰਹੇ ਹਨ ਅਤੇ ਹੁਣ ਡੱਲੇਵਾਲ ਦੇ ਪੈਰਾਂ ਦੀਆਂ ਨਸਾਂ 'ਤੇ ਡ੍ਰਿਪ ਲਗਾਉਣ ਦੀ ਕੋਸ਼ਿਸ਼ ਕਰਨ ਦੀ ਗੱਲ ਆਖ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹੱਥਾਂ ਦੀਆਂ ਜ਼ਿਆਦਾਤਰ ਨਾੜਾਂ ਬੰਦ ਹੋ ਗਈਆਂ ਹਨ ਅਤੇ ਜ਼ਿਆਦਾ ਕੋਸ਼ਿਸ਼ ਕਰਨ ਨਾਲ ਨੁਕਸਾਨ ਵੀ ਹੋ ਸਕਦਾ ਹੈ।
ਕੇਂਦਰ ਨਾਲ ਮੀਟਿੰਗ 'ਤੇ ਬਣੀ ਚਿੰਤਾ
ਦੱਸ ਦਈਏ ਕਿ ਇੱਕ ਪਾਸੇ 14 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦੀ ਕੇਂਦਰ ਨਾਲ ਮੀਟਿੰਗ ਹੈ। ਜਿਸ ਵਿੱਚ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਜਥੇਬੰਦੀਆਂ ਦੋਨਾਂ ਨੂੰ ਸੱਦਾ ਦਿੱਤਾ ਗਿਆ ਹੈ। ਉਮੀਦ ਜਤਾਈ ਜਾ ਰਹੀ ਸੀ ਕਿ ਇਸ ਮੀਟਿੰਗ ਵਿੱਚ ਸੀਨੀਅਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਸ਼ਾਮਿਲ ਹੋਣਗੇ ਅਤੇ ਇਸ ਤਹਿਤ ਹੀ ਉਨ੍ਹਾਂ ਵੱਲੋਂਂ ਇਲਾਜ ਵੀ ਕਰਵਾਇਆ ਜਾ ਰਿਹਾ ਸੀ ਪਰ ਹੁਣ ਪਿਛਲੇ 6 ਦਿਨ ਤੋਂ ਰੁਕੇ ਹੋਏ ਇਲਾਜ ਕਾਰਨ ਵੱਡਾ ਸਵਾਲ ਪੈਦਾ ਹੋ ਗਿਆ ਹੈ ਕਿ ਜਗਜੀਤ ਸਿੰਘ ਡੱਲੇਵਾਲ 14 ਫਰਵਰੀ ਵਾਲੀ ਮੀਟਿੰਗ ਵਿੱਚ ਸ਼ਮੂਲੀਅਤ ਕਰਣਗੇ ਜਾਂ ਨਹੀਂ ?
13 ਫਰਵਰੀ ਇੱਕ ਸਾਲ ਹੋਵੇਗਾ ਪੂਰਾ
ਕਿਸਾਨ 14 ਫਰਵਰੀ ਦੀ ਮੀਟਿੰਗ ਤੋਂ ਪਹਿਲਾਂ 3 ਵੱਡੀਆਂ ਮਹਾਂਪੰਚਾਇਤਾਂ ਕਰਵਾ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। 11 ਫਰਵਰੀ ਨੂੰ ਕਿਸਾਨ ਫਿਰੋਜ਼ਪੁਰ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦੇਣਗੇ। ਕਿਉਂਕਿ 2022 ਵਿੱਚ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਹੋਈ ਸੁਰੱਖਿਆ ਵਿੱਚ ਕੁਤਾਹੀ ਦੇ ਸਬੰਧ ਵਿੱਚ ਕਿਸਾਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਜਿਸ ਨੂੰ ਕਿਸਾਨ ਆਗੂ ਗਲਤ ਕਹਿ ਰਹੇ ਹਨ। ਦੂਜੇ ਪਾਸੇ ਇਸੇ ਦਿਨ ਰਤਨਪੁਰਾ ਮੋਰਚੇ ਵਿੱਚ ਮਹਾਂਪੰਚਾਇਤ ਹੋਵੇਗੀ। 12 ਫਰਵਰੀ ਨੂੰ ਖਨੌਰੀ ਅਤੇ 13 ਫਰਵਰੀ ਨੂੰ ਸ਼ੰਭੂ ਬਾਰਡਰ ਵਿਖੇ ਮਹਾਪੰਚਾਇਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਡੱਲੇਵਾਲ ਨੇ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਸਬੰਧੀ ਸਟੇਜ ਤੋਂ ਤਿੰਨ ਵਾਰ ਲੋਕਾਂ ਨੂੰ ਸੰਦੇਸ਼ ਵੀ ਦਿੱਤਾ ਹੈ। ਪਿਛਲੇ ਸਾਲ 13 ਫਰਵਰੀ ਨੂੰ ਕਿਸਾਨਾਂ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਆਪਣਾ ਅੰਦੋਲਨ ਸ਼ੁਰੂ ਕੀਤਾ ਸੀ।