ਬਰਨਾਲਾ/ਹੈਦਰਾਬਾਦ ਡੈਸਕ: 2024 ਵਰ੍ਹਾ ਪੰਜਾਬ ਦੀ ਸੱਤਾ ਉਪਰ ਕਾਬਜ਼ ਆਮ ਆਦਮੀ ਪਾਰਟੀ ਲਈ ਉਤਰਾਅ ਚੜ੍ਹਾਅ ਵਾਲਾ ਹੀ ਰਿਹਾ ਹੈ। ਸਾਲ ਦੇ ਅਪ੍ਰੈਲ ਮਹੀਨੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜਿੱਥੇ ਆਮ ਆਦਮੀ ਪਾਰਟੀ ਦੇ ਪੱਲੇ ਨਿਰਾਸ਼ਾ ਹੀ ਪਈ, ਉੱਥੇ ਸਾਲ ਦੇ ਆਖ਼ਰੀ ਮਹੀਨੇ ਦਸੰਬਰ ਵਿੱਚ ਹੋਈਆਂ ਨਿਗਮ ਤੇ ਨਗਰ ਪੰਚਾਇਤ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਝੰਡੀ ਵੀ ਰਹੀ ਹੈ। ਉਥੇ ਪਾਰਟੀ ਦੀ ਅੰਦਰੂਨੀ ਰਾਜਨੀਤੀ ਵਿੱਚ ਚਰਚਾ ਦਾ ਵਿਸ਼ਾ ਰਹੀ ਹੈ, ਜਿਸ ਵਿੱਚੋਂ ਹੀ ਪਾਰਟੀ ਨੂੰ ਹਿੰਦੂ ਚਿਹਰੇ ਵਜੋਂ ਇੱਕ ਨਵਾਂ ਸੂਬਾ ਪ੍ਰਧਾਨ ਮਿਲਿਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੁਕਾਬਲੇ ਪਾਰਟੀ ਨੇ ਬੀ ਟੀਮ ਵੀ ਖੜ੍ਹੀ ਕਰਨ ਦਾ ਯਤਨ ਕੀਤਾ ਹੈ।
ਪੰਜਾਬ ਵਿੱਚ ਢਾਈ ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ’ਤੇ ਜਿੱਤ ਹਾਸਲ ਕਰਨ ਵਾਲੀ ‘ਆਪ’ ਪੰਜਾਬ ਨੇ ਹਾਲ ਹੀ ਵਿੱਚ ਹੋਈਆਂ ਚਾਰ ਜ਼ਿਮਨੀ ਚੋਣਾਂ, ਪੰਚਾਇਤੀ, ਨਗਰ ਨਿਗਮ ਤੇ ਕੌਂਸਲ ਚੋਣਾਂ ਵਿੱਚ ਵੀ ਵੱਡੀ ਜਿੱਤ ਦਰਜ ਕੀਤੀ ਹੈ।
ਲੋਕ ਸਭਾ ਚੋਣਾਂ ਵਿੱਚ ਨਿਰਾਸ਼ਾ, ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣ ਨਤੀਜੇ
ਹਾਲਾਂਕਿ, ਸਾਲ 2024 ਵਿੱਚ ਹੀ ਹੋਈਆਂ ਲੋਕ ਸਭਾ ਚੋਣਾਂ ਵਿੱਚ ‘ਆਪ’ ਦੇ ਪੱਲੇ ਬਹੁਤਾ ਕੁਝ ਨਹੀਂ ਸੀ ਪਿਆ। ਸਾਲ 2024 ਦੌਰਾਨ ਦੇਸ਼ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ। ਇਸ ਦੌਰਾਨ ਪੰਜਾਬ ਦੀਆਂ 13 ਸੀਟਾਂ ’ਚੋਂ ‘ਆਪ’ ਨੂੰ ਸਿਰਫ਼ ਤਿੰਨ ਸੀਟਾਂ ਮਿਲੀਆਂ, ਕਾਂਗਰਸ ਨੂੰ ਸੱਤ, ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਅਤੇ ਦੋ ਸੀਟਾਂ ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਸਨ।
ਇਸੇ ਸਾਲ ਪੰਜਾਬ ਵਿੱਚ ਚਾਰ ਵਿਧਾਨ ਸਭਾ ਸੀਟਾਂ ’ਤੇ ਹੋਈ ਜ਼ਿਮਨੀ ਚੋਣ ਵਿੱਚ ‘ਆਪ’ ਤਿੰਨ ਸੀਟਾਂ ਜਿੱਤ ਗਈ, ਜਦਕਿ ਕਾਂਗਰਸ ਪਾਰਟੀ ਦੇ ਪੱਲੇ ਇਕ ਸੀਟ ਹੀ ਪਈ। ‘ਆਪ’ ਨੇ ਜ਼ਿਮਨੀ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਚੱਬੇਵਾਲ, ਡੇਰਾ ਬਾਬਾ ਨਾਨਕ ਤੇ ਗਿੱਦੜਬਾਹਾ ਤੋਂ ਜਿੱਤ ਹਾਸਲ ਕੀਤੀ ਸੀ, ਪਰ ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਵੀ 94 ’ਤੇ ਪਹੁੰਚ ਗਈ ਹੈ।
ਪੰਚਾਇਤੀ ਚੋਣਾਂ ਤੇ ਨਗਰ ਨਿਗਮ ਚੋਣਾਂ
ਇਸੇ ਤਰ੍ਹਾਂ ਪੰਚਾਇਤੀ ਚੋਣਾਂ ਵਿੱਚ ‘ਆਪ’ ਨੇ 90 ਫ਼ੀਸਦ ਸੀਟਾਂ ’ਤੇ ਜਿੱਤ ਦਾ ਦਾਅਵਾ ਕੀਤਾ। ਇਸ ਤੋਂ ਬਾਅਦ ਹਾਲ ਹੀ ਵਿੱਚ ਹੋਈਆਂ ਪੰਜ ਨਗਰ ਨਿਗਮ ਤੇ 42 ਨਗਰ ਕੌਂਸਲ, ਨਗਰ ਪੰਚਾਇਤ ਤੇ ਚਾਰ ਦਰਜਨ ਦੇ ਕਰੀਬ ਵਾਰਡਾਂ ਵਿੱਚ ਜ਼ਿਮਨੀ ਚੋਣਾਂ ਦੌਰਾਨ ਸੱਤਾਧਾਰੀ ਧਿਰ ‘ਆਪ’ 55 ਫ਼ੀਸਦ ਸੀਟਾਂ ’ਤੇ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ। ‘ਆਪ’ ਪੰਜ ਨਗਰ ਨਿਗਮਾਂ ਵਿੱਚੋਂ ਪਟਿਆਲਾ ਸਣੇ ਤਿੰਨ ਵਿੱਚ ਮੇਅਰ ਬਣਾਉਂਦੀ ਦਿਸ ਰਹੀ ਹੈ। ਉੱਧਰ 42 ਨਗਰ ਕੌਂਸਲ ਤੇ ਨਗਰ ਪੰਚਾਇਤ ਵਿੱਚੋਂ 29 ਵਿੱਚ ‘ਆਪ’ ਸਪੱਸ਼ਟ ਬਹੁਮਤ ਹਾਸਲ ਕਰ ਸਕੀ ਹੈ।
‘ਆਪ’ ਨੇ ਸਾਲ 2022 ਵਿੱਚ ਕੀਤੇ ਵਾਅਦਿਆਂ ਵਿੱਚੋਂ ਸਭ ਤੋਂ ਵੱਡਾ ਔਰਤਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਪੂਰਾ ਕਰਨਾ ਹੈ। ਸੂਬੇ ਵਿੱਚ ਅੱਧ ਦੇ ਕਰੀਬ ਔਰਤ ਵੋਟਰ ਹਨ। ਇਸ ਤੋਂ ਇਲਾਵਾ ਕਈ ਮੌਕਿਆਂ ’ਤੇ ਰਾਜ ਵਿੱਚ ਕਾਨੂੰਨ ਵਿਵਸਥਾ ਬਾਰੇ ਵੀ ਸੁਵਾਲ ਖੜ੍ਹੇ ਹੋਏ ਹਨ।
‘ਆਪ’ ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ
ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਪਾਰਟੀ ਦਾ ਨਵੇਂ ਪ੍ਰਧਾਨ ਦੀ ਜ਼ਿੰਮੇਵਾਰੀ ਅਮਨ ਅਰੋੜਾ ਨੂੰ ਦਿੱਤੀ ਹੈ, ਹਾਲਾਂਕਿ ਅਮਨ ਅਰੋੜਾ ਦੇ ਨਾਲ ਸ਼ੈਰੀ ਕਲਸੀ ਨੂੰ ਕਾਰਜਕਾਰੀ ਪ੍ਰਧਾਨ ਐਲਾਨਿਆ ਗਿਆ ਹੈ। ਸ੍ਰੀ ਅਰੋੜਾ ਦੀ ਅਗਵਾਈ ਹੇਠ ਪਾਰਟੀ ਨੇ ਨਗਰ ਨਿਗਮ, ਕੌਂਸਲ ਤੇ ਨਗਰ ਪੰਚਾਇਤ ਦੀ ਚੋਣ ਲੜੀ ਅਤੇ 55 ਫ਼ੀਸਦ ਸੀਟਾਂ ’ਤੇ ਜਿੱਤ ਹਾਸਲ ਕਰ ਸਕੀ ਹੈ।
ਹਿੰਦੂ ਚਿਹਰੇ ਨੂੰ ਪ੍ਰਧਾਨ ਬਨਾਉਣ ਨਾਲ ਪਾਰਟੀ ਨੇ ਹਿੰਦੂ ਵੋਟ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਏਕਾਧਿਕਾਰ ਨਾਲ ਸੂਬੇ ਵਿੱਚ ਚੱਲ ਰਹੀ ਪਾਰਟੀ ਨੂੰ ਇੱਕ ਬੀ ਟੀਮ ਵੀ ਉਭਰਦੀ ਨਜ਼ਰ ਆ ਰਹੀ ਹੈ।