ਫਰੀਦਕੋਟ: ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ ਆਪਣੇ ਕੁੱਝ ਉਮੀਦਵਾਰ ਐਲਾਨੇ ਗਏ ਨੇ ਜਿਨ੍ਹਾਂ ਵੱਲੋਂ ਆਪਣੇ ਹਲਕਿਆਂ ਵਿੱਚ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਹੀ ਤਸਵੀਰ ਇੱਕ ਵਾਰ ਮੁੜ ਸਾਹਮਣੇ ਆਈ ਜਦੋਂ ਫਰੀਦਕੋਟ ਲੋਕ ਸਭਾ ਸੀਟ ਲਈ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਅੱਜ ਫਰੀਦਕੋਟ ਵਰਕਰ ਮੀਟਿੰਗ ਲਈ ਇੱਕ ਹੋਟਲ ਵਿੱਚ ਪੁੱਜੇ।
ਕਿਸਾਨਾਂ ਵੱਲੋਂ ਵਿਰੋਧ: ਪਹਿਲਾਂ ਹੀ ਦਿੱਤੇ ਪ੍ਰੋਗਰਾਮ ਅਨੁਸਾਰ ਕਿਸਾਨਾਂ ਵੱਲੋਂ ਉਨ੍ਹਾਂ ਦੇ ਘਿਰਾਓ ਦੇ ਤਿਆਰੀ ਕੀਤੀ ਗਈ ਸੀ ਅਤੇ ਜਿਵੇਂ ਹੀ ਹੰਸ ਰਾਜ ਹੰਸ ਦਾ ਕਾਫਲਾ ਮੀਟਿੰਗ ਵਾਲੀ ਜਗ੍ਹਾ ਉੱਤੇ ਪੁੱਜਾ ਤਾਂ ਕਿਸਾਨ ਜੋ ਪਹਿਲਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਸਨ ਉਨ੍ਹਾਂ ਵੱਲੋਂ ਹੰਸ ਰਾਜ ਹੰਸ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਨਾਲ ਹੀ ਉਨ੍ਹਾਂ ਵੱਲੋਂ ਸਵਾਲਾਂ ਦੀ ਲਿਸਟ ਤਿਆਰ ਕੀਤੀ ਗਈ ਸੀ, ਜਿਸ ਮੁਤਾਬਿਕ ਸਵਾਲ ਪੁੱਛਣ ਦੀ ਕੋਸ਼ਿਸ ਕੀਤੀ ਗਈ ਪਰ ਮੌਕੇ ਉੱਤੇ ਪੁਲਿਸ ਵੱਲੋਂ ਪਹਿਲਾਂ ਤੋਂ ਹੀ ਕੀਤੇ ਪੁਖਤਾ ਪ੍ਰਬੰਧਾਂ ਦੇ ਚਲਦੇ ਘੇਰਾਬੰਦੀ ਕਰ ਕਿਸਾਨਾਂ ਨੂੰ ਹੰਸ ਰਾਜ ਹੰਸ ਦੇ ਕਾਫਲੇ ਤੋਂ ਦੂਰ ਹਟਾ ਦਿੱਤਾ ਗਿਆ।