ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇੱਕ ਅਹਿਮ ਮੀਟਿੰਗ ਅੱਜ ਬਰਨਾਲਾ ਦੇ ਹਲਕਾ ਮਹਿਲ ਕਲਾਂ ਵਿਖੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਾਰਟੀ ਦੇ ਜਥੇਬੰਧਕ ਸਕੱਤਰ ਗੋਵਿੰਦ ਸਿੰਘ ਸੰਧੂ ਸਮੇਤ ਹਲਕੇ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਵੱਧ ਚੜ੍ਹ ਕੇ ਭਾਗ ਲਿਆ। ਪਾਰਟੀ ਆਗੂਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬਰਾਬਰਤਾ ਦਾ ਹੱਕ ਲੈਣ ਲਈ ਸਿੱਖ ਕੌਮ ਸਮੇਤ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਇੱਕਜੁਟ ਹੋਣ ਦੀ ਲੋੜ ਹੈ ਅਤੇ ਇਸ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ 12 ਫਰਵਰੀ ਨੂੰ ਫਤਹਿਗੜ੍ਹ ਸਾਹਿਬ ਵਿਖੇ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਜਨਮ ਦਿਹਾੜਾ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਅਸੀਂ ਵੱਧੋ-ਵੱਧ ਇਕੱਠ ਕਰਕੇ ਦਿਖਾਉਣਾ ਹੈ ਕਿ ਸਾਡੀ ਕੌਮ ਵੀ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਚੁੱਕੀ ਹੈ ਅਤੇ ਧਰਮ ਦੇ ਨਾਂਅ 'ਤੇ ਕੀਤੇ ਜਾਣ ਵਾਲੇ ਭੇਦਭਾਵ ਨੂੰ ਬਰਦਾਸ਼ਤ ਨਹੀਂ ਕਰੇਗੀ। ਇਸ ਤੋਂ ਇਲਾਵਾ 26 ਜਨਵਰੀ ਨੂੰ ਮੋਗਾ ਵਿਖੇ ਇਕੱਠ ਕੀਤਾ ਜਾਵੇਗਾ, ਤਾਂ ਜੋ ਸਾਡੇ ਨਾਲ ਸੰਵੈਧਾਨਿਕ ਤੌਰ 'ਤੇ ਕਿਹੜੀ ਕਿਹੜੀ ਬੇਇਨਸਾਫੀ ਹੋ ਰਹੀ ਹੈ, ਉਸ ਵਿਰੁੱਧ ਰੋਸ ਪ੍ਰਗਟਾ ਇਆ ਜਾ ਸਕੇ।
ਐੱਮਪੀ ਮਾਨ ਨੇ ਸੀਐੱਮ ਭਗਵੰਤ ਮਾਨ ਦੇ ਇਸ਼ਾਰੇ 'ਤੇ ਭਾਨਾ ਸਿੱਧੂ ਨੂੰ ਗ੍ਰਿਫ਼ਤਾਰ ਕਰਨ ਅਤੇ ਪੁਲਿਸ ਕੋਲੋਂ ਕੁੱਟਮਾਰ ਕਰਵਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਾਨਾ ਸਿੱਧੂ ਇੱਕ ਸਮਾਜ ਸੇਵਕ ਹੈ, ਜੋ ਜਿੱਥੇ ਠੱਗ ਏਜੰਟਾਂ ਤੋਂ ਗਰੀਬ ਲੋਕਾਂ ਦੇ ਪੈਸੇ ਵਾਪਿਸ ਕਰਵਾਉਣ ਦੀ ਸੇਵਾ ਕਰ ਰਿਹਾ ਹੈ, ਉੱਥੇ ਹੀ ਸਰਕਾਰ ਦੇ ਗਲਤ ਕੰਮਾਂ ਵਿਰੁੱਧ ਵੀ ਹਮੇਸ਼ਾ ਆਵਾਜ਼ ਉਠਾਉਂਦਾ ਹੈ, ਜਿਸਦੀ ਰੰਜਿਸ਼ ਵਿੱਚ ਉਸ ਉੱਪਰ ਪੁਲਿਸ ਤੋਂ ਤਸ਼ੱਦਦ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਵੇਖਿਆ ਹੈ ਕਿ ਸਮਾਜ ਹਿੱਤ ਦੀ ਗੱਲ ਕਰਨ ਅਤੇ ਸਰਕਾਰ ਨੂੰ ਸਵਾਲ ਪੁੱਛਣ ਵਾਲੇ ਆਗੂਆਂ ਦੀ ਕੁੱਟਮਾਰ ਕਰਨ ਲਈ ਕੋਈ ਸੀਐੱਮ ਪੁਲਿਸ ਨੂੰ ਖੁਦ ਆਦੇਸ਼ ਦੇਵੇ।
ਐੱਸ.ਜੀ.ਪੀ.ਸੀ. ਚੋਣਾਂ ਸੰਬੰਧੀ ਬੋਲਦਿਆਂ ਸਾਂਸਦ ਮਾਨ ਨੇ ਕਿਹਾ ਕਿ ਐੱਸ.ਜੀ.ਪੀ.ਸੀ. ਦੀ ਵੋਟ ਬਣਾਉਣੀ ਹਰੇਕ ਸਿੱਖ ਲਈ ਬਹੁਤ ਜਰੂਰੀ ਹੈ। ਐੱਸ.ਜੀ.ਪੀ.ਸੀ. ਸਿੱਖਾਂ ਦੀ ਪਾਰਲੀਮੈਂਟ ਹੈ, ਜਿਸ ਵਿੱਚ ਜਾ ਕੇ ਅਸੀਂ ਸਿੱਖ ਕੌਮ ਦੀ ਭਲਾਈ ਲਈ ਅਨੇਕਾਂ ਕੰਮ ਕਰ ਸਕਦੇ ਹਾਂ। ਐੱਮਪੀ ਮਾਨ ਨੇ ਕਿਹਾ ਕਿ ਸੰਵਿਧਾਨ ਅਨੁਸਾਰ ਸਾਰੇ ਧਰਮਾਂ, ਜਾਤਾਂ, ਵਰਗਾਂ ਦੇ ਲੋਕ ਕਾਨੂੰਨ ਅੱਗੇ ਬਰਾਬਰ ਹਨ ਪਰ ਮੌਜੂਦਾ ਕੇਂਦਰ ਸਰਕਾਰ ਸੰਵਿਧਾਨ ਦੀ ਉਲੰਘਣਾ ਕਰਕੇ ਘੱਟ ਗਿਣਤੀ ਅਤੇ ਬਹੁ ਗਿਣਤੀ ਵਰਗਾਂ ਲਈ ਵੱਖਰੇ-ਵੱਖਰੇ ਕਾਨੂੰਨ ਥੋਪ ਰਹੀ ਹੈ। ਇੱਕ ਪਾਸੇ ਆਪਣੀ ਸਜਾ ਪੂਰੀ ਕਰ ਚੁੱਕੇ ਸਿੱਖ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਦੂਜੇ ਪਾਸੇ ਗੁਜਰਾਤ ਦੰਗਿਆਂ ਵਿੱਚ ਇੱਕ ਮੁਸਲਮਾਨ ਬੀਬੀ ਬਿਲਕਿਸ ਬਾਨੋਂ ਨਾਲ ਸਮੂਹਿਕ ਜਬਰ ਜਨਾਹ ਅਤੇ ਉਸਦੇ ਪੂਰੇ ਪਰਿਵਾਰ ਦੀ ਹੱਤਿਆ ਕਰਨ ਵਾਲਿਆਂ ਨੂੰ 15 ਅਗਸਤ ਮੌਕੇ ਮੁਆਫੀ ਦੇ ਕੇ ਰਿਹਾਅ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸੰਵਿਧਾਨ ਮੁਤਾਬਿਕ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਬਰਾਬਰ ਦਾ ਅਧਿਕਾਰ ਦਿਵਾਉਣ ਲਈ ਜਾਗਰੂਕਤਾ ਅਤੇ ਇੱਕਜੁਟਤਾ ਬੇਹੱਦ ਜਰੂਰੀ ਹੈ।