ਚੰਡੀਗੜ੍ਹ :ਅੱਜ ਹਰ ਪਾਸੇ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਨਾਲ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਿਥੇ ਬੀਤੀ ਰਾਤ ਬੰਬ ਦੀ ਧਮਕੀ ਮਿਲੀ ਉਥੇ ਹੀ ਹੁਣ ਤਾਜ਼ਾ ਮਾਮਲਾ ਚੰਡੀਗੜ੍ਹ ਏਅਰਪੋਰਟ 'ਤੇ ਜਹਾਜ਼ ਵਿੱਚ ਬੰਬ ਹੋਣ ਦੀ ਖਬਰ ਮਿਲੀ ਹੈ। ਜਿਸ ਨਾਲ ਹਰ ਪਾਸੇ ਸਹਿਮ ਦਾ ਮਾਹੌਲ ਬਣ ਗਿਆ। ਹਾਲਾਂਕਿ ਬਾਅਦ ‘ਚ ਬੰਬ ਹੋਣ ਦੀ ਮਹਿਜ਼ ਅਫਵਾਹ ਹੀ ਨਿਕਲੀ ਹੈ। ਕਿਉਂਕਿ ਜਾਂਚ ਅਜੰਸੀਆਂ ਵੱਲੋਂ ਮੌਕੇ 'ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਯਾਤਰੀਆਂ ਨੂੰ ਵੀ ਸੁਰੱਖਿਅਤ ਕੱਢ ਲਿਆ ਗਿਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਰਹੀਆਂ ਹਨ। ਇਹ INDIGO ਫਲਾਈਟ ਹੈਦਰਾਬਾਦ ਤੋਂ ਚੰਡੀਗੜ੍ਹ ਆ ਰਹੀ ਸੀ। ਚੰਡੀਗੜ੍ਹ ‘ਚ ਲੈਂਡ ਹੁੰਦਿਆਂ ਹੀ ਜਹਾਜ਼ ਨੂੰ ਆਈਸੋਲੇਟ ਕੀਤਾ ਗਿਆ ਹੈ। ਫਲਾਈਟ ਵਿਚੋਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ ਗਿਆ ਹੈ। ਏਅਰਪੋਰਟ ਸਕਿਓਰਿਟੀ ਏਜੰਸੀਆਂ ਵੱਲੋਂ ਚੈਕਿੰਗ ਜਾਰੀ ਹੈ।
ਬੰਬ ਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਹੋਈ
ਫਿਲਹਾਲ ਏਅਰਪੋਰਟ ਅਥਾਰਟੀ ਵੱਲੋਂ ਇਸ ਸਬੰਧੀ ਕਿਸੇ ਤਰ੍ਹਾਂ ਦੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਿਸ ਦੇ ਆਲਾ ਅਧਿਕਾਰੀ ਮੌਕੇ 'ਤੇ ਪਹੁੰਚੇ ਹੋਏ ਹਨ, ਜਿਨ੍ਹਾਂ ਵਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਹਵਾਈ ਅਫਸਰਾਂ ਨੂੰ ਸੁਚਨਾ ਮਿਲੀ ਸੀ ਕਿ ਹੈਦਰਾਬਾਦ ਤੋਂ ਇੰਡੀਗੋ ਦੀ ਫਲਾਈਟ ‘ਚ ਕਿਸੇ ਨੇ ਬੰਬ ਰੱਖਿਆ ਹੈ। ਇਸ ਤੋਂ ਬਾਅਦ ਯਾਤਰੀਆਂ ਦੇ ਪਰਿਵਾਰ ਵੀ ਏਅਰਪੋਰਟ ਉਤੇ ਪਹੂੰਚ ਗਏ ਅਤੇ ਆਪਣੇ ਪਰਿਵਾਰ ਦੇ ਲੋਕਾਂ ਦੀ ਸਾਰ ਲਈ।