ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਨੇੜੇ ਪਿੰਡ ਬਦਿਆਲਾ ਦੇ ਖੇਤਾਂ ਵਿੱਚ ਰਹਿੰਦੇ ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪਿੰਡ ਬਦਿਆਲਾ ਵਿਖੇ ਚਾਉਕੇ ਸੜਕ ਦੇ ਖੇਤਾਂ ਵਿੱਚ ਰਹਿੰਦੇ ਸਨ, ਜਿਨ੍ਹਾਂ ਦਾ ਦੇਰ ਰਾਤ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਹਿਚਾਣ ਗਿਆਸ ਸਿੰਘ ਪੁੱਤਰ ਕਰਨੈਲ ਸਿੰਘ ਉਮਰ 66ਸਾਲ ਅਤੇ ਅਮਰਜੀਤ ਕੌਰ ਪਤਨੀ ਗਿਆਸ ਉਮਰ 62 ਸਾਲ ਦੱਸੀ ਜਾ ਰਹੀ ਹੈ।
ਖੇਤਾਂ 'ਚ ਰਹਿੰਦੇ ਸਨ ਮ੍ਰਿਤਕ (ETV BHARAT (ਪੱਤਰਕਾਰ,ਬਠਿੰਡਾ)) ਪਤੀ-ਪਤਨੀ ਦਾ ਕਤਲ
ਐਸਪੀਡੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦਾ ਪਤਾ ਉਸ ਸਮੇਂ ਚੱਲਿਆ ਜਦੋਂ ਪਤੀ ਪਤਨੀ ਦੇ ਬੇਟੇ ਨੇ ਦਿੱਲੀ ਤੋਂ ਕਈ ਵਾਰ ਫੋਨ ਕੀਤਾ ਪਰ ਫੋਨ ਕਿਸੇ ਨੇ ਨਹੀਂ ਚੁੱਕਿਆ। ਫਿਰ ਉਸ ਦੇ ਵੱਲੋਂ ਪਿੰਡ ਵਿੱਚ ਫੋਨ ਕੀਤਾ ਗਿਆ, ਪਿੰਡ ਵਾਲਿਆਂ ਵੱਲੋਂ ਜਦੋਂ ਗਿਆਸ ਸਿੰਘ ਦੇ ਘਰ ਆ ਕੇ ਵੇਖਿਆ ਗਿਆ ਤਾਂ ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਜਿਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼
ਮੌਕੇ ਉੱਤੇ ਥਾਣਾ ਰਾਮਪੁਰਾ ਅਤੇ ਸੀਆਈਏ ਸਟਾਫ ਦੀਆਂ ਟੀਮਾਂ ਪਹੁੰਚੀਆਂ ਜਿਨਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਹਾਰਾ ਜਨ ਸੇਵਾ ਰਾਮਪੁਰਾ ਫੂਲ ਦੇ ਪ੍ਰਧਾਨ ਸੰਦੀਪ ਵਰਮਾ ਵੱਲੋਂ ਪਤੀ ਪਤਨੀ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਕਤਲ ਦੇ ਕਾਰਣਾਂ ਦਾ ਫਿਲਹਾਲ ਨਹੀਂ ਪਤਾ
ਪੁਲਿਸ ਨੇ ਇਹ ਵੀ ਦੱਸਿਆ ਕਿ ਫਿਲਹਾਲ ਕਤਲ ਦੇ ਕਾਰਣਾਂ ਬਾਰੇ ਕੁੱਝ ਵੀ ਕਿਹਾ ਨਹੀਂ ਜਾ ਸਕਦਾ। ਪੁਲਿਸ ਮੁਤਾਬਿਕ ਜਾਂਚ ਦੇ ਮਗਰੋਂ ਕਤਲ ਦੇ ਅਸਲ ਕਾਰਣਾਂ ਦਾ ਪਤਾ ਲੱਗ ਸਕੇਗਾ, ਫਿਲਹਾਲ ਉਨ੍ਹਾਂ ਦੀ ਸਭ ਤੋਂ ਪਹਿਲੀ ਭਾਲ ਕਤਲ ਦੇ ਮੁਲਾਜ਼ਮਾਂ ਨੂੰ ਕਾਬੂ ਕਰਨ ਦੀ ਹੈ। ਉਨ੍ਹਾਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ।