ਸੇਵਾ ਮੁਕਤ ਅਧਿਆਪਕ ਨੇ ਪਿੰਡ ਵਿੱਚ ਬਣਾਇਆ ਮਿਊਜ਼ੀਅਮ ਬਠਿੰਡਾ:ਕਿਹਾ ਜਾਂਦਾ ਹੈ ਕਿ 'ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ', ਤੁਹਾਨੂੰ ਅਜਿਹੇ ਸਖਸ਼ ਨਾਲ ਮਿਲਾਉਂਦੇ ਹਾਂ, ਜਿਨ੍ਹਾਂ ਨੇ ਆਪਣੇ ਘਰ ਵਿੱਚ ਪੁਰਾਤਨ ਪੰਜਾਬੀ ਵਿਰਸੇ ਨਾਲ ਜੁੜੀਆਂ ਉਹ ਚੀਜ਼ਾਂ ਇਕੱਠੀਆਂ ਕੀਤੀਆਂ ਹਨ, ਜੋ ਹੁਣ ਅਲੋਪ ਹੋ ਚੁੱਕੀਆਂ ਹਨ। ਸੇਵਾ ਮੁਕਤ ਅਧਿਆਪਕ ਹਰਦਰਸ਼ਨ ਸਿੰਘ ਸੋਹਲ ਨੇ ਆਪਣੇ ਘਰ ਵਿੱਚ ਮਿਊਜ਼ੀਅਮ ਹੀ ਬਣਾ ਦਿੱਤਾ। ਪੇਂਟਿੰਗ ਕਰਨ ਦਾ ਸ਼ੌਂਕ ਰੱਖਣ ਵਾਲੇ ਇਸ ਅਧਿਆਪਕ ਨੇ ਦੇਸ਼ ਹੀ ਨਹੀਂ, ਸਗੋਂ ਵਿਦੇਸ਼ਾਂ ਤੋਂ ਵੀ ਪੁਰਾਣੀਆਂ ਵਸਤੂਆਂ ਆਪਣੇ ਮਿਊਜ਼ੀਅਮ ਦਾ ਸ਼ਿੰਗਾਰ ਬਣਾਇਆਂ ਹੋਇਆ ਹੈ।
ਬਚਪਨ ਤੋਂ ਹੀ ਕੁਲੈਕਸ਼ਨ ਦਾ ਸ਼ੌਂਕ :ਜ਼ਿਲ੍ਹਾ ਬਠਿੰਡਾ ਦੇ ਪਿੰਡ ਜੈ ਸਿੰਘ ਵਾਲਾ ਵਿਖੇ ਬਣਾਏ ਇਸ ਮਿਊਜ਼ੀਅਮ ਦਾ ਸਮਾਨ ਪੰਜਾਬ ਦੀਆਂ ਕਈ ਨਾਮਵਰ ਫਿਲਮਾਂ ਵਿੱਚ ਵੀ ਵਰਤਿਆ ਗਿਆ ਹੈ। ਰਿਟਾਇਰ ਅਧਿਆਪਕ ਹਰਦਰਸ਼ਨ ਸੋਹਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਦੱਸਿਆ ਕੀ ਇਨ੍ਹਾਂ ਪੁਰਾਤਨ ਵਸਤਾਂ ਨੂੰ ਇਕੱਠੇ ਕਰਨ ਦਾ ਸੌਂਕ ਛੋਟੇ ਹੁੰਦਿਆਂ ਤੋਂ ਹੈ ਅਤੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਉਹ ਦੇਸ਼ ਦੇ ਕਈ ਸੂਬਿਆਂ ਦੇ ਨਾਲ-ਨਾਲ ਵਿਦੇਸ਼ ਵੀ ਗਏ ਅਤੇ ਜੋ ਵੀ ਪੁਰਾਤਨ ਸਮਾਨ ਮਿਲਿਆ ਉਸ ਨੂੰ ਆਪਣੇ ਮਿਊਜ਼ੀਅਮ ਲਈ ਲੈ ਕੇ ਆਏ।
ਪਰਿਵਾਰ ਦਾ ਸਾਥ:ਹਰਦਰਸ਼ਨ ਸਿੰਘ ਸੋਹਲ ਨੇ ਕਿਹਾ ਕਿ ਕੁਝ ਪੁਰਾਤਨ ਸਾਮਾਨ ਲੋਕਾਂ ਨੇ ਮੁਫ਼ਤ ਵਿੱਚ ਦਿੱਤਾ ਅਤੇ ਕੁਝ ਉਨ੍ਹਾਂ ਵੱਲੋ ਖ਼ਰੀਦੀ ਕਰਕੇ ਲਿਆਂਦਾ ਗਿਆ ਹੈ। ਰਿਟਾਇਰ ਅਧਿਆਪਕ ਹਰਦਰਸ਼ਨ ਸੋਹਲ ਨੇ ਦੱਸਿਆ ਕਿ ਆਪਣੀ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਇਸ ਮਿਊਜ਼ੀਅਮ ਉੱਤੇ ਲਗਾ ਚੁੱਕੇ ਹਨ ਅਤੇ ਇਸ ਸ਼ੌਂਕ ਵਿੱਚ ਉਨ੍ਹਾਂ ਦਾ ਪਰਿਵਾਰ ਵੀ ਪੂਰਾ ਮੋਢੇ ਨਾਲ ਮੋਢਾ ਲਗਾ ਕੇ ਮਦਦ ਕਰਦਾ ਹੈ।
ਪੁਰਾਣੇ ਖੇਤੀ ਸੰਦ, ਪੰਜਾਬੀ ਪਹਿਰਾਵਾ, ਪੁਰਾਤਨ ਬਰਤਨ, ਕੈਮਰੇ, ਅੰਗਰੇਜ਼ਾਂ ਦੇ ਰਾਜ ਸਮੇਂ ਦੇ ਸਮਾਨ ਤੋਂ ਇਲਾਵਾ ਬਹੁਤ ਸਾਰਾ ਅਜਿਹਾ ਸਮਾਨ, ਜੋ ਅਲੋਪ ਹੋ ਚੁੱਕਾ ਹੈ, ਉਹ ਮਿਊਜ਼ੀਅਮ ਵਿੱਚ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਕਈ ਦੇਸ਼ਾਂ ਦੀਆਂ ਨਵੀਆਂ-ਪੁਰਾਣੀਆਂ ਕਰੰਸੀਆਂ ਵੀ ਮੌਜੂਦ ਹਨ।
ਬੱਚਿਆਂ ਨੂੰ ਇਨ੍ਹਾਂ ਦੀ ਜਾਣਕਾਰੀ ਹੋਣਾ ਜ਼ਰੂਰੀ:ਹਰਦਰਸ਼ਨ ਸਿੰਘ ਸੋਹਲ ਸੇਵਾ ਮੁਕਤ ਹੋਣ ਤੋਂ ਬਾਅਦ ਹੁਣ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿੱਚ ਆਰਟ ਪ੍ਰੋਫੈਸਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਹੋ ਜਿਹੇ ਮਿਊਜ਼ੀਅਮ ਵਿੱਚ ਜ਼ਰੂਰ ਲੈ ਕੇ ਜਾਣਾ ਚਾਹੀਦਾ ਹੈ, ਜਿੱਥੇ ਸਾਡੇ ਪੁਰਾਤਨ ਵਿਰਸੇ ਨਾਲ ਜੁੜੀਆਂ ਹੋਈਆਂ ਵਸਤਾਂ ਦੇਖਣ ਨੂੰ ਮਿਲਣ ਅਤੇ ਅੱਜ ਦੀ ਪੀੜੀ ਨੂੰ ਅਲੋਪ ਹੋ ਚੁੱਕਿਆ ਵਿਰਾਸਤ ਬਾਰੇ ਪਤਾ ਲੱਗ ਸਕੇ।