ਹੁਸ਼ਿਆਰਪੁਰ : ਸਰਕਾਰ ਬਣਦਿਆਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਵਿੱਚ ਕਿਸੇ ਵੀ ਨਜਾਇਜ਼ ਵਿਅਕਤੀ ਨੂੰ ਸ਼ਰਨ ਨਹੀਂ ਦਿੱਤੀ ਜਾਵੇਗੀ। ਐਲਾਨ ਮੁਤਾਬਿਕ, ਜਿਹੜੇ ਅਮਰੀਕਾ ਵਿੱਚ ਨਜਾਇਜ਼ ਤੌਰ ਉੱਤੇ ਰਹਿੰਦੇ ਸਨ, ਉਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ। ਡਿਪੋਰਟ ਕੀਤੇ 104 ਭਾਰਤੀ ਵਾਪਸ ਪਰਤੇ, ਜਿਨ੍ਹਾਂ ਵਿੱਚ 30 ਪੰਜਾਬੀ ਸ਼ਾਮਲ ਹਨ। ਜਦੋਂ ਅਮਰੀਕਾ ਤੋਂ ਡਿਪੋਰਟ ਕੀਤੇ ਲੋਕਾਂ ਦਾ ਜਹਾਜ਼ ਅੰਮ੍ਰਿਤਸਰ ਉਤਰਿਆ ਤਾਂ ਪੁਲਿਸ ਕਾਰਵਾਈ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਿਤ ਨੌਜਵਾਨਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ।
'42 ਲੱਖ ਲਾ ਕੇ ਗਿਆ ਸੀ ਵਿਦੇਸ਼'
ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਟਾਹਲੀ ਦਾ ਨੌਜਵਾਨ ਹਰਵਿੰਦਰ ਸਿੰਘ ਵੀ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਆਪਣੇ ਘਰ ਪਹੁੰਚਿਆ। ਜਦੋਂ ਨੌਜਵਾਨ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਹਰਵਿੰਦਰ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੇ ਏਜੰਟ ਨੂੰ 42 ਲੱਖ ਰੁਪਏ ਦਿੱਤੇ ਸਨ ਅਤੇ ਕਾਨੂੰਨੀ ਤੌਰ ਉੱਤੇ ਅਮਰੀਕਾ ਭੇਜਣ ਦੀ ਗੱਲ ਹੋਈ ਸੀ। ਵਿਆਜ ਉੱਤੇ ਸਾਰੇ ਪੈਸੇ ਚੁੱਕ ਕੇ ਪਤੀ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ ਪਰ ਇਹ ਮੰਦਭਾਗੀ ਖ਼ਬਰ ਮਿਲਦਿਆਂ ਹੀ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਫੈਲ ਗਿਆ।
ਸਾਡੀ ਏਜੰਟ ਨਾਲ ਇੱਕ ਨੰਬਰ ਉੱਤੇ ਪਤੀ ਨੂੰ ਅਮਰੀਕਾ ਭੇਜਣ ਦੀ ਗੱਲ ਹੋਈ ਸੀ ਪਰ ਉਸ ਨੇ ਡੰਕੀ ਲਗਾ ਕੇ ਭੇਜਿਆ। ਅਸੀ ਫੇਰ ਵੀ ਚੁੱਪ ਰਹੇ ਕਿ ਚਲੋ ਪਹੁੰਚਣਗੇ ਹੀ। ਫਿਰ ਵੀ ਮੈਂ ਏਜੰਟ ਨੂੰ ਫੋਨ ਕਰਦੀ ਰਹੀ ਪਰ ਉਹ ਝੂਠੇ ਦਿਲਾਸੇ ਦਿੰਦੇ ਰਹੇ। ਅਸੀਂ 42 ਲੱਖ ਰੁਪਏ ਏਜੰਟ ਨੂੰ ਦਿੱਤੇ ਸੀ, ਪਰ ਸਾਡੇ ਨਾਲ ਧੋਖਾ ਹੋਇਆ। ਮੈਨੂੰ ਪਤੀ ਦਾ ਏਜੰਟ ਦੇ ਕਹੇ ਅਨੁਸਾਰ ਮੈਸੇਜ ਆਇਆ ਕਿ ਉਹ ਪਹੁੰਚ ਚੁੱਕੇ ਹਨ ਪਰ ਅੱਜ ਸਾਨੂੰ ਡਿਪੋਰਟ ਹੋਣ ਦੀ ਖ਼ਬਰ ਮਿਲੀ। ਭਾਰਤ ਸਰਕਾਰ ਨੂੰ ਅਪੀਲ ਹੈ ਕਿ ਅਜਿਹੇ ਏਜੰਟਾਂ ਉੱਤੇ ਲਗਾਮ ਕੱਸੀ ਜਾਵੇ। ਏਜੰਟ ਟਾਹਲੀ ਪਿੰਡ ਦਾ ਜਸਕਰਨ ਸਿੰਘ ਹੈ।