ਬਰਨਾਲਾ:ਜ਼ਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਦੇ ਮਜ਼ਦੂਰ ਦੀ ਧੀ ਪਰਿਵਾਰਕ ਤੰਗੀਆਂ ਤਰੁੱਟੀਆਂ ਦੇ ਬਾਵਜੂਦ ਸਖ਼ਤ ਮਿਹਨਤ ਸਦਕਾ ਰਾਸ਼ਟਰੀ ਮੁਕਾਬਲੇ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ। 15 ਸਾਲ ਦੀ ਦਿਲਪ੍ਰੀਤ ਕੌਰ ਦੀ ਚੋਣ ਅੰਡਰ 17 ਸਬ ਕੌਮੀ ਜੂਨੀਅਨ ਹਾਕੀ ਚੈਂਪੀਅਨਸ਼ਿਪ ਲਈ ਹੋਈ ਹੈ।
ਵਧੀਆ ਪ੍ਰਦਰਸ਼ਨ ਸਦਕਾ ਚੋਣ
ਦਿਲਪ੍ਰੀਤ ਕੌਰ ਦੇ ਪਿਤਾ ਕੁਲਵਿੰਦਰ ਸਿੰਘ ਮਜ਼ਦੂਰੀ ਕਰਦੇ ਹਨ ਅਤੇ ਮਾਤਾ ਜਸਵੀਰ ਕੌਰ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣਾ ਜੀਵਨ ਬਸਰ ਕਰਦੀ ਹੈ। ਕੋਰੋਨਾ ਕਾਲ ਦੌਰਾਨ ਦਿਲਪ੍ਰੀਤ ਨੇ 6ਵੀਂ ਵਿੱਚ ਪੜ੍ਹਦਿਆਂ ਪਿੰਡ ਦੇ ਖੇਡ ਮੈਦਾਨ ਵਿੱਚ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ ਪ੍ਰਭਾਵਸ਼ਾਲੀ ਖੇਡ ਸਦਕਾ ਉਹ ਸੂਬਾ ਪੱਧਰ ’ਤੇ ਹਾਕੀ ਮੁਕਾਬਲਿਆਂ ਤੱਕ ਪਹੁੰਚੀ। ਜਿਸ ਤੋਂ ਬਾਅਦ ਉਸਦੀ ਪੀਆਈਐਫ਼ (ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ) ਵਲੋਂ ਨੈਸ਼ਨਲ ਸਪੋਰਟਸ ਅਕੈਡਮੀ ਬਾਦਲ ਲਈ ਚੋਣ ਹੋਈ। ਇੱਥੇ ਰਹਿ ਕੇ 10ਵੀਂ ਦੀ ਪੜ੍ਹਾਈ ਦੇ ਨਾਲ ਨਾਲ ਹਾਕੀ ਖੇਡ ਰਹੀ ਹੈ। ਉਸ ਦੀ ਬਿਹਤਰ ਖੇਡ ਸਦਕਾ ਹੁਣ ਉਹ ਪੰਜਾਬ ਦੀ ਟੀਮ ਲਈ ਕੌਮੀ ਮੁਕਾਬਲਿਆਂ ਲਈ ਚੁਣੀ ਗਈ ਹੈ।