ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਦੇ ਬਾਹਰ ਕਿਸਾਨਾਂ ਦਾ ਹੰਗਾਮਾ (ETV Bharat Ferozepur) ਫਿਰੋਜ਼ਪੁਰ :ਜ਼ਿਲ੍ਹਾ ਫਿਰੋਜ਼ਪੁਰ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇ ਕੇ ਪੰਜਾਬ ਭਰ ਦੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੁਲਿਸ ਫੋਰਸ ਵੀ ਵੱਡੀ ਗਿਣਤੀ ਵਿਚ ਤਾਇਨਾਤ ਰਹੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ 13 ਫਰਵਰੀ ਤੋਂ ਬਾਰਡਰਾਂ ਉੱਪਰ ਸ਼ਾਂਤਮਈ ਅੰਦੋਲਨ ਚੱਲ ਰਿਹਾ ਹੈ ਪਰ ਭਾਜਪਾ ਦੀ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਹਰਿਆਣਾ ਸਰਕਾਰ ਵੱਲੋਂ ਆਪਣੇ ਹੀ ਦੇਸ਼ ਦੇ ਕਿਸਾਨਾਂ,ਮਜ਼ਦੂਰਾਂ ਉੱਪਰ ਉਹ ਜ਼ੁਲਮ ਢਾਇਆ ਗਿਆ ਜੋ ਕੋਈ ਦੁਸ਼ਮਣ ਦੇਸ਼ ਜੰਗ ਦੇ ਵਿੱਚ ਵੀ ਨਹੀਂ ਢਾਉਂਦਾ ਅਤੇ ਬੇਕਸੂਰ ਨੌਜਵਾਨਾਂ ਨੂੰ ਲੋਕਾਂ ਦੀ ਆਵਾਜ਼ ਦਵਾਉਣ ਲਈ ਜੇਲਾਂ ਵਿੱਚ ਬੰਦ ਕੀਤਾ ਗਿਆ ਹੈ।
ਉਹਨਾਂ ਬੇਕਸੂਰ ਨੌਜਵਾਨਾਂ ਦੀ ਰਿਹਾਈ ਲਈ ਅਤੇ ਸ਼ਹੀਦ ਸ਼ੁਭਕਰਨ ਸਿੰਘ, ਸੁਰਿੰਦਰਪਾਲ ਸਿੰਘ ਆਕੜੀ ਦੇ ਕਾਤਲਾਂ ਉੱਪਰ ਕਾਰਵਾਈ ਅਤੇ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਏ ਪ੍ਰਰੀਤਪਾਲ ਸਿੰਘ ਅਤੇ ਹਰਿਆਣਾ ਪੁਲਿਸ ਦੇ ਅੱਤਿਆਚਾਰ ਦੌਰਾਨ ਅੱਖਾਂ ਦੀ ਰੋਸ਼ਨੀ ਗੁਆ ਚੁੱਕੇ ਨੌਜਵਾਨ ਦੇ ਇਨਸਾਫ਼ ਲਈ ਅਤੇ ਅਨੇਕਾਂ ਹੀ ਉਹ ਕਿਸਾਨ, ਮਜ਼ਦੂਰ ਜਿੰਨਾ ਉੱਪਰ ਭਾਜਪਾ ਦੀ ਸਰਕਾਰ ਵੱਲੋਂ ਅੱਤਿਆਚਾਰ ਕੀਤਾ ਗਿਆ ਹੈ। ਉਸ ਦੇ ਇਨਸਾਫ ਲਈ ਆਵਾਜ਼ ਬੁਲੰਦ ਕਰਨ ਵਾਸਤੇ ਭਾਜਪਾ ਦੇ ਐਮ.ਪੀ ਉਮੀਦਵਾਰ ਅਤੇ ਜਿਲਾ ਪ੍ਰਧਾਨਾਂ ਦੇ ਘਰਾਂ ਦਾ ਅੱਜ ਘਿਰਾਓ ਕੀਤਾ ਗਿਆ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਗੁਰਮੇਲ ਸਿੰਘ ਅਤੇ ਗੁਰਪ੍ਰੀਤ ਸਿੰਘ, ਚਮਕੌਰ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਕੇ ਕਿਸਾਨਾਂ ’ਤੇ ਗੋਲੀਆਂ ਚਲਾ ਕੇ ਸ਼ੁਭਕਰਨ ਨੂੰ ਸ਼ਹੀਦ ਕੀਤਾ ਸੀ ਅਤੇ ਅੱਜ ਵੀ ਦੋ ਥਾਵਾਂ ’ਤੇ ਮੋਰਚਾ ਚੱਲ ਰਿਹਾ ਹੈ। ਕਿਸਾਨ ਸੰਘਰਸ਼ ਵਿੱਚ ਭਾਜਪਾ ਸਰਕਾਰ ਨੇ ਐਮਐਸਪੀ ਕਾਨੂੰਨ ਬਣਾਉਣ, ਜਾਰੀ ਕੀਤੇ ਪਰਚੇ ਰੱਦ ਕਰਨ ਅਤੇ ਲਖੀਮਪੁਰ ਖੇੜੀ ਵਿੱਚ ਕਿਸਾਨਾਂ ਨੂੰ ਗੱਡੀ ਹੇਠ ਕੁਚਲਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ, ਪਰ ਭਾਜਪਾ ਸਰਕਾਰ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਆਪਣੇ ਵਾਅਦੇ ਤੋਂ ਭੱਜ ਗਈ।
ਕਿਸਾਨ ਆਗੂਆਂ ਨੇ ਕਿਹਾ ਕਿ ਬੀਜੇਪੀ ਵੱਲੋਂ ਸਮਾਜ ਵਿੱਚ ਪਾੜਾ ਪਾਉਣ ਵਾਲੇ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਵਾਲੀ ਭੜਕਾਊ ਬਿਆਨਬਾਜੀ ਕੀਤੀ ਜਾ ਹੈ ਅਤੇ ਬੀਜੇਪੀ ਦੇ ਉਮੀਦਵਾਰ ਹੰਸ ਰਾਜ ਹੰਸ ਅਤੇ ਰਵਨੀਤ ਬਿੱਟੂ ਅਤੇ ਬੀਜੇਪੀ ਦੇ ਹੋਰ ਉਮੀਦਵਾਰਾ ਅਤੇ ਆਗੂਆਂ ਦੇ ਧਮਕੀ ਭਰੇ ਬਿਆਨਾ ਤੋਂ ਬੀਜੇਪੀ ਦੀ ਉਸ ਮਾਨਸਿਕਤਾ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਪਤਾ ਲੱਗਦਾ ਹੈ ਕਿ ਬੀਜੇਪੀ ਦੀ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਪ੍ਰਤੀ ਕੀ ਸੋਚ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਿਸਾਨੀ ਅੰਦੋਲਨ ਦੌਰਾਨ ਬੀਜੇਪੀ ਦੇ ਐਮ.ਪੀ ਆਸ਼ੀਸ਼ ਮਿਸ਼ਰਾ ਟਹਿਣੀ ਦੇ ਪੁੱਤਰ ਵੱਲੋਂ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਅਤੇ ਇੱਕ ਪੱਤਰਕਾਰ ਉੱਪਰ ਗੱਡੀ ਚੜਾ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੋਸ਼ੀ ਮੰਤਰੀ ਅਜੇ ਮਿਸ਼ਰਾ ਟਹਿਣੀ ਉੱਪਰ ਕਾਰਵਾਈ ਕਰਨ ਅਤੇ ਉਸ ਨੂੰ ਮੰਤਰੀ ਮੰਡਲ ਵਿੱਚੋ ਬਰਖਾਸਤ ਕਾਰਨ ਦੀ ਬਜਾਏ ਬੀਜੇਪੀ ਸਰਕਾਰ ਵੱਲੋਂ ਉਸ ਨੂੰ ਬਚਾਉਣ ਲਈ ਹਰ ਇੱਕ ਹੱਥਕੰਡਾ ਵਰਤਿਆ ਗਿਆ ਅਤੇ ਹੁਣ ਬੀਜੇਪੀ ਦੇ ਹੰਸ ਰਾਜ ਹੰਸ,ਰਵਨੀਤ ਬਿੱਟੂ ਵੱਲੋਂ ਸ਼ਰੇਆਮ ਮੀਡੀਆ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਚੋਣਾਂ ਤੋਂ ਬਾਅਦ ਦੇਖਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।