ਹੈਦਰਾਬਾਦ ਡੈਸਕ:ਸੋਮਵਾਰ ਨੂੰ ਸੰਯੁਕਤ ਕਿਸਾਨ ਮੋਰਚਾ (SKM) ਕਿਸਾਨਾਂ ਦੇ ਸਮਰਥਨ ਵਿੱਚ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢੇਗਾ। ਅੰਦੋਲਨ ਵਿੱਚ ਸ਼ਾਮਲ ਕਿਸਾਨ ਵਿਸ਼ਵ ਵਪਾਰ ਸੰਗਠਨ (WTO) ਦਾ ਪੁਤਲਾ ਫੂਕਣਗੇ। ਇਸ ਤੋਂ ਪਹਿਲਾਂ, ਐਤਵਾਰ ਯਾਨੀ 25 ਫ਼ਰਵਰੀ ਨੂੰ ਕਿਸਾਨਾਂ ਨੇ ਕੇਂਦਰ ਨਾਲ ਗੱਲਬਾਤ ਦਾ ਸੰਕੇਤ ਦਿੱਤਾ ਸੀ। ਕਿਸਾਨ ਮਜ਼ਦੂਰ ਮੋਰਚਾ (KKM) ਦੇ ਕੋਆਰਡੀਨੇਟਰ ਸਰਵਨ ਸਿੰਘ ਪੰਧੇਰ ਨੇ ਸ਼ੰਭੂ ਸਰਹੱਦ 'ਤੇ ਕਿਹਾ, 'ਸਰਕਾਰ ਸਰਹੱਦ ਅਤੇ ਇੰਟਰਨੈੱਟ ਖੋਲ੍ਹਣ ਲਈ ਕੰਮ ਕਰ ਰਹੀ ਹੈ। ਹੁਣ ਇਸ ਮਾਹੌਲ ਵਿੱਚ ਸਹੀ ਗੱਲਬਾਤ ਹੋ ਸਕਦੀ ਹੈ।”
ਕਿਸਾਨਾਂ ਉੱਤੇ ਤਸ਼ਦੱਦ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ:ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਪ੍ਰਧਾਨ ਜਗਜੀਤ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਗੋਲੀ ਮਾਰਨ ਵਾਲਿਆਂ ਖ਼ਿਲਾਫ਼ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬ ਵਿੱਚ ਦਾਖਲ ਹੋ ਕੇ ਕਿਸਾਨਾਂ ਨੂੰ ਚੁੱਕਣ, ਕੁੱਟਮਾਰ ਕਰਨ ਅਤੇ ਟਰੈਕਟਰ ਤੋੜਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਹਰਿਆਣਾ ਦੇ 7 ਜ਼ਿਲ੍ਹਿਆਂ 'ਚੋਂ ਇੰਟਰਨੈੱਟ 'ਤੇ ਲੱਗੀ ਪਾਬੰਦੀ ਹਟੀ: ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਤੋਂ ਪਾਬੰਦੀ ਹਟਾ ਲਈ ਗਈ ਹੈ। 11 ਫ਼ਰਵਰੀ ਨੂੰ ਸਵੇਰੇ 6 ਵਜੇ ਤੋਂ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਸੀ।
ਪੰਜਾਬ ਦੇ 7 ਜ਼ਿਲ੍ਹਿਆਂ 'ਚ ਇੰਟਰਨੈੱਟ 'ਤੇ ਪਾਬੰਦੀ ਵਧੀ:ਪੰਜਾਬ ਦੇ 7 ਜ਼ਿਲ੍ਹਿਆਂ ਦੇ 19 ਥਾਣਿਆਂ ਦੇ ਖੇਤਰਾਂ ਵਿੱਚ ਕੇਂਦਰ ਸਰਕਾਰ ਵੱਲੋਂ ਲਗਾਈ ਗਈ ਇੰਟਰਨੈੱਟ ਪਾਬੰਦੀ ਨੂੰ 26 ਫ਼ਰਵਰੀ ਤੱਕ ਵਧਾ ਦਿੱਤਾ ਗਿਆ ਹੈ।
ਪੁਲਿਸ ਵਲੋਂ ਬੈਰੀਕੇਡਸ ਹਟਾਏ ਗਏ: ਦਿੱਲੀ ਵੱਲ ਕਿਸਾਨਾਂ ਦੇ ਮਾਰਚ ਨੂੰ ਮੁਲਤਵੀ ਕਰਨ ਤੋਂ ਬਾਅਦ ਦਿੱਲੀ ਦੇ ਟਿੱਕਰੀ ਬਾਰਡਰ ਅਤੇ ਸਿੰਘੂ ਬਾਰਡਰ ਨੂੰ ਅਸਥਾਈ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਜਿਸ ਕਾਰਨ ਹਰਿਆਣਾ ਤੋਂ ਦਿੱਲੀ ਜਾਣ ਵਾਲੇ ਲੋਕਾਂ ਨੂੰ ਰਾਹਤ ਮਿਲੀ ਹੈ। ਇਸ ਦੇ ਨਾਲ ਹੀ, ਫ਼ਤਿਹਾਬਾਦ ਵਿੱਚ ਵੀ ਪੰਜਾਬ ਸਰਹੱਦ ਨਾਲ ਲੱਗਦੀਆਂ ਸੜਕਾਂ ਤੋਂ ਬੈਰੀਕੇਡ ਅਤੇ ਕਿੱਲਾਂ ਹਟਾਈਆਂ ਗਈਆਂ।
ਹੁਣ ਤੱਕ ਕਿਸਾਨ ਅੰਦੋਲਨ ਦੌਰਾਨ 7 ਮੌਤਾਂ: ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਸਰਹੱਦ ਉੱਤੇ ਡਟੇ ਹੋਏ ਕਿਸਾਨਾਂ ਉੱਤੇ ਹਰਿਆਣਾ ਪੁਲਿਸ ਵਲੋਂ ਅੱਥਰੂ ਗੈਸ ਸੁੱਟੇ ਗਏ। ਇਸ ਦੌਰਾਨ ਇਸ ਆਪਸੀ ਝੜਪ ਵਿੱਚ ਕਿਸਾਨ ਸਣੇ 3 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਚੋਂ 4 ਕਿਸਾਨ ਪੰਜਾਬ ਤੋਂ ਹਨ, ਜਿਨ੍ਹਾਂ ਵਿੱਚ 65 ਸਾਲ ਦਾ ਗਿਆਨ ਸਿੰਘ, 72 ਸਾਲ ਦੇ ਮਨਜੀਤ ਸਿੰਘ, 21 ਸਾਲ ਸ਼ੁਭਕਰਨ ਸਿੰਘ ਅਤੇ 62 ਸਾਲ ਦੇ ਦਰਸ਼ਨ ਸਿੰਘ ਹਨ। ਇਸ ਤੋਂ ਇਲਾਵਾ, 58 ਸਾਲ ਦੇ ਐਸਆਈ ਹੀਰਾਲਾਲ, 56 ਸਾਲ ਦੇ ਐਸਆਈ ਕੌਸ਼ਲ ਕੁਮਾਰ ਅਤੇ 40 ਸਾਲ ਦੇ ਐਸਆਈ ਵਿਜੈ ਕੁਮਾਰ ਸ਼ਾਮਲ ਹਨ।
ਕੀ ਹਨ ਕਿਸਾਨਾਂ ਦੀਆਂ ਮੰਗਾਂ:-
- ਕੇਂਦਰ ਸਰਕਾਰ ਤੋਂ ਐਮਐਸਪੀ ਦੀ ਗਰੰਟੀ ਦੇਣ ਦੀ ਮੰਗ
- ਕਿਸਾਨਾਂ ਖਿਲਾਫ ਮੁਕਦੱਮੇ ਵਾਪਸ ਲੈਣ ਦੀ ਮੰਗ
- ਕਿਸਾਨਾਂ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਰੱਖਣ ਦੀ ਮੰਗ
- ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਦੀ ਮੰਗ
- ਕਿਸਾਨਾਂ ਅਤੇ ਖੇਤੀ ਕਰਨ ਵਾਲੇ ਮਜ਼ਦੂਰਾਂ ਨੂੰ ਪੈਨਸ਼ਨ ਦੇਣ ਦੀ ਮੰਗ
- ਬਿਜਲੀ ਸੋਧ ਬਿੱਲ 2020 ਨੂੰ ਖ਼ਤਮ ਕਰਨ ਦੀ ਮੰਗ
- ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ