ਬਰਨਾਲਾ: ਕੇਂਦਰ ਸਰਕਾਰ ਵੱਲੋਂ ਅੱਜ ਪਾਰਲੀਮੈਂਟ ਸੈਸ਼ਨ ਵਿੱਚ ਬਜਟ ਪੇਸ਼ ਕੀਤਾ ਜਾਣਾ ਹੈ। ਇਸ ਬਜਟ ਤੋਂ ਪੰਜਾਬ ਦੇ ਕਿਸਾਨਾਂ ਨੂੰ ਕੀ ਉਮੀਦਾਂ ਹਨ ਇਸ ਸਬੰਧੀ ਈਟੀਵੀ ਭਾਰਤ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਇਸ ਬਜਟ ਤੋਂ ਕੋਈ ਖਾਸ ਉਮੀਦ ਦਿਖਾਈ ਨਹੀਂ ਦੇ ਰਹੀ ਪਰ ਫਿਰ ਵੀ ਕਿਸਾਨਾਂ ਨੇ ਕੇਂਦਰ ਸਰਕਾਰ ਤੋਂ ਸਾਰੀਆਂ ਫਸਲਾਂ ਉੱਪਰ ਐਮਐਸਪੀ ਦੇ ਗਰੰਟੀ ਕਾਨੂੰਨ ਅਤੇ ਕਰਜ਼ਾ ਮੁਆਫ਼ੀ ਸਮੇਤ ਹੋਰ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਹੈ।
ਬੇਆਸ ਹਨ ਕਿਸਾਨ
ਇਸ ਮੌਕੇ ਗੱਲਬਾਤ ਕਰਦਿਆਂ ਬਰਨਾਲਾ ਜ਼ਿਲ੍ਹੇ ਦੇ ਕਿਸਾਨ ਦਰਸ਼ਨ ਸਿੰਘ ਨੇ ਕਿਹਾ ਕਿ 2014 ਤੋਂ ਲੈ ਕੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਪਰ ਹੁਣ ਤੱਕ ਕਿਸੇ ਵੀ ਬਜਟ ਵਿੱਚ ਕਿਸਾਨਾਂ ਦਾ ਕੋਈ ਭਲਾ ਨਹੀਂ ਕੀਤਾ ਜਾ ਸਕਿਆ। ਉਹਨਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਾਉਂਦੀਆਂ ਹਨ ਪਰ ਕਿਸਾਨਾਂ ਲਈ ਕੋਈ ਖ਼ਾਸ ਨੀਤੀ ਨਹੀਂ ਬਣਾਈ ਜਾਂਦੀ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਦੇਸ਼ ਦੇ ਕਿਸਾਨ ਦਿੱਲੀ ਦੇ ਬਾਰਡਰਾਂ ਉੱਤੇ ਸੰਘਰਸ਼ ਕਰਦੇ ਰਹੇ। ਹੁਣ ਜਗਜੀਤ ਸਿੰਘ ਡੱਲੇਵਾਲ ਵੀ ਲੰਬੇ ਸਮੇਂ ਤੋਂ ਭੁੱਖ ਹੜਤਾਲ ਉੱਤੇ ਹਨ ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਹੁਣ ਵੀ ਧਿਆਨ ਨਹੀਂ ਦੇ ਰਹੀ।
'ਵਾਅਦਿਆਂ ਤੋਂ ਮੁਨਕਰ ਸਰਕਾਰ'
ਇਸ ਮੌਕੇ ਨਛੱਤਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਉਮੀਦ ਚੋਣਾਂ ਵੇਲੇ ਦਿੱਤੀ ਜਾਂਦੀ ਹੈ ਪਰ ਚੋਣਾਂ ਤੋਂ ਬਾਅਦ ਕਿਸਾਨਾਂ ਦੀ ਕੋਈ ਵੀ ਸਾਰ ਨਹੀਂ ਲੈਂਦਾ। ਉਹਨਾਂ ਕਿਹਾ ਕਿ ਸਰਕਾਰਾਂ ਦੇ ਬਜਟ ਬਹੁਤ ਆਉਂਦੇ ਹਨ ਪਰ ਇਹ ਬਜਟ ਕਿਸਾਨਾਂ ਲਈ ਨਹੀਂ ਹੁੰਦੇ, ਬਲਕਿ ਬਜਟਾਂ ਵਿੱਚ ਧਨਾਡਾਂ ਨੂੰ ਫਾਇਦੇ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਸਰਕਾਰ ਐਮਐਸਪੀ ਸਾਰੀਆਂ ਫਸਲਾਂ ਉੱਪਰ ਦੇਵੇ ਤਾਂ ਹੀ ਪੰਜਾਬ ਦੇ ਕਿਸਾਨਾਂ ਦਾ ਭਲਾ ਹੋ ਸਕਦਾ ਹੈ ਅਤੇ ਕਿਸਾਨ ਝੋਨੇ ਦੀ ਫਸਲ ਛੱਡ ਕੇ ਹੋਰ ਫਸਲਾਂ ਵੱਲ ਧਿਆਨ ਦੇਣਗੇ। ਇਸ ਮੌਕੇ ਗੱਲਬਾਤ ਕਰਦੇ ਕਿਸਾਨ ਜੱਗੀ ਨੇ ਕਿਹਾ ਕਿ ਸਰਕਾਰ ਦਾ ਬਜਟ ਆਉਣ ਤੋਂ ਬਾਅਦ ਹੀ ਇਸ ਬਾਰੇ ਕਿਸਾਨ ਕੁਝ ਕਹਿ ਸਕਦੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਵੀ ਕਿਸਾਨਾਂ ਨਾਲ ਬਹੁਤ ਵਾਅਦੇ ਕਰ ਚੁੱਕੀ ਹੈ ਪਰ ਖਰੀ ਨਹੀਂ ਉਤਰੀ ਹੈ।
'ਕਿਸਾਨੀ ਮੰਗਾਂ ਵੱਲ ਸਰਕਾਰ ਕਰੇ ਧਿਆਨ'
ਇਸ ਮੌਕੇ ਕਿਸਾਨ ਸੰਦੀਪ ਸਿੰਘ ਨੇ ਕਿਹਾ ਕਿ ਪਿਛਲੇ 75 ਸਾਲਾਂ ਤੋਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਅਤੇ ਬਜਟ ਆਉਂਦੇ ਰਹੇ ਹਨ। ਉਹ ਕੇਂਦਰ ਸਰਕਾਰ ਦੇ ਬਜਟ ਤੋਂ ਉਮੀਦ ਕਰਦੇ ਹਨ ਕਿ ਸਾਰੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ। ਉਹਨਾਂ ਕਿਹਾ ਕਿ ਕਰਜ਼ੇ ਦੇ ਕਾਰਨ 2023 ਵਿੱਚ 11 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਜੋ ਵੀ ਮੰਗਾਂ ਲਟਕ ਰਹੀਆਂ ਹਨ ਅਤੇ ਕਿਸਾਨ ਜਥੇਬੰਦੀਆਂ ਜੋ ਮੰਗਾਂ ਹਨ ਉਹਨਾਂ ਨੂੰ ਕੇਂਦਰ ਸਰਕਾਰ ਬਜਟ ਵਿੱਚ ਰੱਖ ਕੇ ਪੂਰਾ ਕਰੇ।