ਚੰਡੀਗੜ੍ਹ: ਸਾਲ 2023 ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ ਪੰਜਾਬੀ ਫਿਲਮ 'ਗੋਡੇ ਗੋਡੇ ਚਾਅ' ਹੁਣ ਇੱਕ ਵਾਰ ਮੁੜ ਸੀਕਵਲ ਦੇ ਰੂਪ ਵਿੱਚ ਦਰਸ਼ਕਾਂ ਦੇ ਸਨਮੁੱਖ ਕੀਤੀ ਜਾ ਰਹੀ ਹੈ, ਜੋ ਸੈੱਟ 'ਤੇ ਪਹੁੰਚ ਗਈ ਹੈ, ਜਿਸ ਵਿੱਚ ਪਾਲੀਵੁੱਡ ਸਟਾਰ ਐਮੀ ਵਿਰਕ ਲੀਡ ਭੂਮਿਕਾ ਅਦਾ ਕਰਨ ਜਾ ਰਹੇ ਹਨ।
ਪਰਿਵਾਰਿਕ ਕਾਮੇਡੀ ਡ੍ਰਾਮੈਟਿਕ ਕਹਾਣੀ-ਸਾਰ ਅਧਾਰਿਤ ਇਸ ਫਿਲਮ ਦਾ ਲੇਖਨ ਜਗਦੀਪ ਸਿੱਧੂ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਵਿਜੇ ਕੁਮਾਰ ਅਰੋੜਾ ਸੰਭਾਲ ਰਹੇ ਹਨ, ਜੋ ਨਿਰਦੇਸ਼ਿਤ ਕੀਤੀ ਅਪਣੀ ਪਹਿਲੀ ਹਿੰਦੀ ਫਿਲਮ 'ਸਨ ਆਫ਼ ਸਰਦਾਰ 2' ਨੂੰ ਲੈ ਕੇ ਵੀ ਇੰਨੀ ਦਿਨੀਂ ਕਾਫ਼ੀ ਸੁਰਖੀਆਂ ਦਾ ਕੇਂਦਰ ਬਿੰਦੂ ਬਣੇ ਹੋਏ ਹਨ, ਜਿਸ ਦਾ ਨਿਰਮਾਣ ਬਾਲੀਵੁੱਡ ਸਟਾਰ ਅਜੇ ਦੇਵਗਨ ਦੁਆਰਾ ਅਪਣੇ ਘਰੇਲੂ ਪ੍ਰੋਡੋਕਸ਼ਨ ਹੋਮ 'ਦੇਵਗਨ ਫਿਲਮਜ਼' ਅਧੀਨ ਕੀਤਾ ਗਿਆ ਹੈ।
ਪੰਜਾਬ ਦੇ ਮੋਹਾਲੀ-ਖਰੜ੍ਹ ਇਲਾਕਿਆਂ ਵਿੱਚ ਪਹਿਲੇ ਸ਼ੂਟਿੰਗ ਪੜਾਅ ਦਾ ਹਿੱਸਾ ਬਣ ਚੁੱਕੀ ਉਕਤ ਮੰਨੋਰੰਜਕ ਫਿਲਮ ਵਿੱਚ ਦਿੱਗਜ ਅਦਾਕਾਰ ਸਰਦਾਰ ਸੋਹੀ ਵੀ ਮਹੱਤਵਪੂਰਨ ਰੋਲ ਪਲੇਅ ਕਰਨਗੇ, ਜਿੰਨ੍ਹਾਂ ਉਪਰ ਵੀ ਇਸ ਮੁੱਢਲੇ ਸ਼ੂਟਿੰਗ ਫੇਜ਼ ਦੌਰਾਨ ਕਈ ਅਹਿਮ ਸੀਨਾਂ ਦਾ ਫਿਲਮਾਂਕਣ ਪੂਰਾ ਕੀਤਾ ਜਾਵੇਗਾ।
ਬਿੱਗ ਸੈੱਟਅੱਪ ਅਧੀਨ ਬਣਾਈ ਜਾ ਰਹੀ ਉਕਤ ਮਲਟੀ-ਸਟਾਰਰ ਫਿਲਮ ਐਮੀ ਵਿਰਕ ਦੀ ਨਿਰਮਾਣ ਪੜਾਅ 'ਚ ਪੁੱਜੀ ਦੂਜੀ ਵੱਡੀ ਸੀਕਵਲ ਫਿਲਮ ਹੋਵੇਗੀ, ਜੋ ਅੱਜਕੱਲ੍ਹ ਇੱਕ ਹੋਰ ਸੀਕਵਲ 'ਨਿੱਕਾ ਜ਼ੈਲਦਾਰ 4' ਨੂੰ ਵੀ ਆਖਰੀ ਛੋਹਾਂ ਦੇ ਰਹੇ ਹਨ, ਜਿਸ ਦਾ ਲੇਖਨ ਵੀ ਜਗਦੀਪ ਸਿੱਧੂ ਕਰ ਰਹੇ ਹਨ।
ਹਾਲ ਹੀ ਦੇ ਸਮੇਂ ਵਿੱਚ ਕਈ ਬਹੁ-ਚਰਚਿਤ ਅਤੇ ਸਫ਼ਲ ਪੰਜਾਬੀ ਫਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ ਵਿਜੇ ਕੁਮਾਰ ਅਰੋੜਾ, ਜਿੰਨ੍ਹਾਂ ਵਿੱਚ ਸਤਿੰਦਰ ਸਰਤਾਜ-ਨੀਰੂ ਬਾਜਵਾ ਸਟਾਰਰ 'ਕਲੀ ਜੋਟਾ', ਗਿੱਪੀ ਗਰੇਵਾਲ ਦੀ 'ਪਾਣੀ 'ਚ ਮਧਾਣੀ' ਸ਼ੁਮਾਰ ਰਹੀਆਂ ਹਨ, ਜੋ ਪੰਜਾਬੀ ਸਿਨੇਮਾ ਦੇ ਸਫ਼ਲਤਮ ਫਿਲਮਕਾਰ ਵਜੋਂ ਵੀ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਕੀ ਸੋਨਮ ਬਾਜਵਾ ਆਏਗੀ 'ਗੋਡੇ ਗੋਡੇ ਚਾਅ 2' ਵਿੱਚ ਨਜ਼ਰ
ਓਧਰ ਪਿਛਲੇ ਲੰਮੇਂ ਸਮੇਂ ਤੋਂ ਉਡੀਕੀ ਜਾ ਰਹੀ 'ਗੋਡੇ ਗੋਡੇ ਚਾਅ 2' ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਹਾਲ ਫਿਲਹਾਲ ਇਸ ਫਿਲਮ ਦੀ ਪੂਰੀ ਸਟਾਰ-ਕਾਸਟ ਵਿੱਚ ਜੋ ਚਿਹਰੇ ਸਾਹਮਣੇ ਆਏ ਹਨ, ਉਨ੍ਹਾਂ 'ਚ ਸਰਦਾਰ ਸੋਹੀ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਗੁਰਪ੍ਰੀਤ ਕੌਰ ਭੰਗੂ ਆਦਿ ਸ਼ਾਮਿਲ ਹਨ, ਜਿੰਨ੍ਹਾਂ ਤੋਂ ਇਲਾਵਾ ਲੀਡ ਅਦਾਕਾਰਾ ਦੇ ਨਾਂਅ ਨੂੰ ਰਿਵੀਲ ਨਹੀਂ ਕੀਤਾ ਗਿਆ, ਪਰ ਸੰਭਾਵਨਾ ਇਹ ਵੀ ਹੈ ਕਿ ਸੋਨਮ ਬਾਜਵਾ ਸ਼ਾਇਦ ਇਸ ਵਾਰ ਇਸ ਫਿਲਮ ਦਾ ਹਿੱਸਾ ਨਾ ਬਣ ਸਕੇ, ਜਿਸ ਦਾ ਕਾਰਨ ਉਨ੍ਹਾਂ ਦੇ ਵੱਧ ਚੁੱਕੇ ਬਾਲੀਵੁੱਡ ਰੁਝੇਵੇਂ ਅਤੇ ਦੋ ਵੱਡੀਆਂ ਹਿੰਦੀ ਫਿਲਮਾਂ 'ਬਾਗੀ 4' ਅਤੇ 'ਹਾਊਸਫੁੱਲ 5' ਵਿੱਚ ਉਨ੍ਹਾਂ ਦੀ ਸ਼ਾਨਦਾਰ ਮੌਜ਼ੂਦਗੀ ਵੀ ਹੈ, ਜਿੰਨ੍ਹਾਂ ਵਿੱਚੋਂ ਪਹਿਲੀ ਵਿੱਚ ਉਹ ਟਾਈਗਰ ਸ਼ਰਾਫ ਦੇ ਨਾਲ ਅਤੇ ਦੂਜੀ ਮਲਟੀ-ਸਟਾਰਰ ਵਿੱਚ ਵੀ ਮਹੱਤਵਪੂਰਨ ਰੋਲ ਵਿੱਚ ਹਨ।
ਹਾਲਾਂਕਿ ਵੇਖਿਆ ਜਾਵੇ ਤਾਂ 'ਗੋਡੇ ਗੋਡੇ ਚਾਅ' ਦਾ ਖਾਸ ਆਕਰਸ਼ਨ ਅਦਾਕਾਰਾ ਸੋਨਮ ਬਾਜਵਾ ਹੀ ਰਹੀ ਹੈ, ਜੋ ਅਪਣੇ ਬਲਬੂਤੇ ਅੱਜ ਕਿਸੇ ਵੀ ਫਿਲਮ ਨੂੰ ਚਲਾਉਣ ਦੀ ਪੂਰੀ ਸਮਰੱਥਾ ਰੱਖਣ ਦਾ ਵੀ ਮਾਣ ਹਾਸਿਲ ਕਰ ਚੁੱਕੀ ਹੈ, ਸੋ ਉਸ ਨੂੰ ਇਸ ਫਿਲਮ ਵਿੱਚ ਲਿਆਉਣ ਲਈ ਐਮੀ ਵਿਰਕ ਅਪਣਾ ਪੂਰਾ ਜ਼ੋਰ ਲਾ ਸਕਦੇ ਹਨ, ਜਿਸ ਦਾ ਇੱਕ ਕਾਰਨ ਇਹ ਵੀ ਹੈ ਕਿ ਇਹਨਾਂ ਦੋਹਾਂ ਦੀ ਮੇਨ ਲੀਡ ਜੋੜੀ ਵਾਲੀਆਂ ਤਮਾਮ ਫਿਲਮਾਂ ਟਿਕਟ ਖਿੜਕੀ ਉਤੇ ਸਫ਼ਲਤਾ ਹਾਸਿਲ ਕਰਨ ਵਿੱਚ ਕਾਮਯਾਬ ਰਹੀਆਂ ਹਨ, ਕਿਉਂਕਿ ਹਾਲ ਦੀ ਘੜੀ ਉਨ੍ਹਾਂ ਨੂੰ ਹਿੱਟ ਫਿਲਮ ਦੀ ਬੇਹੱਦ ਜ਼ਰੂਰਤ ਵੀ ਮਹਿਸੂਸ ਹੋ ਰਹੀ ਹੈ, ਜਿੰਨ੍ਹਾਂ ਦੀਆਂ ਹਾਲੀਆਂ ਫਿਲਮਾਂ ਸਫ਼ਲਤਾ ਤੋਂ ਕੋਹਾਂ ਦੂਰ ਹੀ ਰਹੀਆਂ ਹਨ।
ਇਹ ਵੀ ਪੜ੍ਹੋ: