ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਉਦਯੋਗ ਵਿੱਚ ਚਰਚਿਤ ਅਤੇ ਵੱਡੇ ਨਾਂਅ ਵਜੋਂ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਮਾਡਲ ਅਤੇ ਅਦਾਕਾਰਾ ਮਾਹੀ ਸ਼ਰਮਾ, ਜੋ ਜਲਦ ਹੀ ਸਾਹਮਣੇ ਆਉਣ ਜਾ ਰਹੇ ਅਪਣੇ ਇੱਕ ਹੋਰ ਮਨਮੋਹਕ ਮਿਊਜ਼ਿਕ ਵੀਡੀਓ 'ਮੁਬਾਰਕਾਂ' ਵਿੱਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਹੈ, ਜਿੰਨ੍ਹਾਂ ਦੀ ਬਿਹਤਰੀਨ ਫੀਚਰਿੰਗ ਦਾ ਇਜ਼ਹਾਰ ਕਰਵਾਉਂਦਾ ਇਹ ਗਾਣਾ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ।
"ਯੂ ਐਂਡ ਆਈ ਮਿਊਜ਼ਿਕ" ਦੇ ਲੇਬਲ ਅਧੀਨ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਉਕਤ ਸੰਗੀਤਕ ਵੀਡੀਓ ਸੰਬੰਧਤ ਗਾਣੇ ਨੂੰ ਅਵਾਜ਼ ਬੈਨੇਟ ਦੁਸਾਂਝ ਨੇ ਦਿੱਤੀ ਹੈ, ਜਦਕਿ ਸੰਗੀਤ ਸੰਯੋਜਨ ਦੀ ਜ਼ਿੰਮੇਵਾਰੀ ਸ਼ੋਨ ਵੱਲੋਂ ਅੰਜ਼ਾਮ ਦਿੱਤੀ ਗਈ ਹੈ।
ਪਿਆਰ ਅਤੇ ਸਨੇਹ ਭਰੇ ਨੌਜਵਾਨੀ ਵਲਵਲਿਆਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦੇ ਬੋਲ ਮੌਂਟੀ ਅੱਕਾਂਵਾਲੀ ਨੇ ਰਚੇ ਹਨ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਬਹੁਤ ਹੀ ਖੂਬਸੂਰਤ ਸੰਗੀਤਕ ਸੁਮੇਲਤਾ ਅਧੀਨ ਬੁਣੇ ਗਏ ਇਸ ਗਾਣੇ ਨੂੰ ਵੈਲੇਨਟਾਈਨ ਹਫ਼ਤੇ ਦੇ ਸਭ ਤੋਂ ਵੱਡੇ ਉਦਾਸ ਰੁਮਾਂਟਿਕ ਗੀਤ ਦੇ ਰੂਪ ਵਿੱਚ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜੋ ਸੁਣਨ ਅਤੇ ਵੇਖਣ ਵਾਲਿਆਂ ਨੂੰ ਤਰੋ-ਤਾਜ਼ਗੀ ਭਰੇ ਸੰਗੀਤ ਰੋਂਅ ਦਾ ਵੀ ਅਹਿਸਾਸ ਕਰਵਾਏਗਾ।
ਉਨ੍ਹਾਂ ਅੱਗੇ ਦੱਸਿਆ ਕਿ ਹਰ ਇਨਸਾਨ ਦੇ ਜੀਵਨ ਨਾਲ ਜੁੜੀਆਂ ਅਭੁੱਲ ਯਾਦਾਂ ਨੂੰ ਮੁੜ ਸੁਰਜੀਤੀ ਦੇਣ ਜਾ ਰਹੇ ਉਕਤ ਟਰੈਕ ਦਾ ਟੀਜ਼ਰ 02 ਫਰਵਰੀ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਦੇ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਮਯੰਕ ਗੁਪਤਾ ਨੇ ਕੀਤਾ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਮਾਡਲ ਮਾਹੀ ਸ਼ਰਮਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ।
ਹਾਲ ਹੀ ਵਿੱਚ ਰਿਲੀਜ਼ ਹੋਏ ਅਪਣੇ ਕਈ ਹੋਰ ਮਿਊਜ਼ਿਕ ਵੀਡੀਓ ਨੂੰ ਲੈ ਕੇ ਵੀ ਖਾਸੀ ਲਾਈਮ ਲਾਈਟ ਬਟੋਰ ਚੁੱਕੀ ਹੈ ਮਾਡਲ ਮਾਹੀ ਸ਼ਰਮਾ, ਜੋ ਅੱਜਕੱਲ੍ਹ ਹੋਸਟ ਦੇ ਤੌਰ ਉਤੇ ਵੀ ਮਾਹੀ ਦੀ ਮਹਿਫ਼ਲ ਨਾਲ ਛਾਈ ਹੋਈ ਹੈ, ਜਿਸ ਦੇ ਪੰਜਾਬੀਅਤ ਤਾਣੇ-ਬਾਣੇ ਅਧੀਨ ਬੁਣੇ ਗਏ ਇਸ ਟਾਕ ਅਤੇ ਸੈਲੀਬ੍ਰਿਟੀ ਸ਼ੋਅ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਸਾਲ 2023 ਵਿੱਚ ਰਿਲੀਜ਼ ਹੋਈ ਅਤੇ ਗੁਰਨਾਮ ਭੁੱਲਰ ਸਟਾਰਰ ਅਪਣੀ ਬਹੁ-ਚਰਚਿਤ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਨੂੰ ਲੈ ਕੇ ਵੀ ਸਿਨੇਮਾ ਗਲਿਆਰਿਆਂ ਵਿੱਚ ਆਕਰਸ਼ਣ ਦਾ ਕੇਂਦਰ ਬਣੀ ਰਹੀ ਹੈ ਇਹ ਖੂਬਸੂਰਤ ਅਦਾਕਾਰਾ, ਜੋ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਫਿਲਮ ਪ੍ਰੋਜੈਕਟਸ ਦਾ ਵੀ ਹਿੱਸਾ ਬਣਨ ਜਾ ਰਹੀ ਹੈ, ਜੋ ਫਲੌਰ ਉਤੇ ਜਾਣ ਲਈ ਤਿਆਰ ਹਨ।
ਇਹ ਵੀ ਪੜ੍ਹੋ: