ਮਾਨਸਾ : ਅੱਜ ਪਾਰਲੀਮੈਂਟ ਸੈਸ਼ਨ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਆਪਣੇ ਕਾਰਜਕਾਲ ਦਾ 8ਵਾਂ ਬਜਟ ਪੇਸ਼ ਕੀਤਾ ਜਾਵੇਗਾ। ਇਸ ਬਜਟ ਤੋਂ ਪਹਿਲਾਂ ਕਿਸਾਨਾਂ ਦੇ ਬਿਆਨ ਵੀ ਸਾਹਮਣੇ ਆ ਰਹੇ ਹਨ ਅਤੇ ਪੰਜਾਬ ਦੇ ਕਿਸਾਨਾਂ ਨੂੰ ਕੀ ਉਮੀਦਾਂ ਹਨ, ਇਸ ਸਬੰਧੀ ਈਟੀਵੀ ਭਾਰਤ ਵੱਲੋਂ ਉਨ੍ਹਾਂ ਨਾਲ ਖ਼ਾਸ ਗੱਲਬਾਤ ਕੀਤੀ ਗਈ। ਮਾਨਸਾ ਦੇ ਕਿਸਾਨਾਂ ਨੇ ਕਿਹਾ ਕਿ, 'ਇਸ ਵਾਰ ਦੇ ਬਜਟ ਵਿੱਚ ਕੇਂਦਰ ਸਰਕਾਰ ਤੋਂ ਕੋਈ ਉਮੀਦ ਨਹੀਂ ਰਹੀ, ਜੇਕਰ ਕਿਸਾਨਾਂ ਦੇ ਹਿੱਤ ਵਿੱਚ ਬਜਟ ਪੇਸ਼ ਹੋਣ ਲੱਗ ਗਿਆ ਤਾਂ ਫਿਰ ਮੋਦੀ ਸਰਕਾਰ ਆਪਣੇ ਵੱਡੇ ਕਾਰੋਬਾਰੀਆਂ ਨੂੰ ਲਾਹਾ ਕਿੰਝ ਪਹੁੰਚਾਵੇਗੀ।'
ਬਜਟ ਦੇ ਨਾਮ 'ਤੇ ਮਹਿਜ਼ ਦਾਅਵੇ
ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਦੋਂ ਵੀ ਬਜਟ ਪੇਸ਼ ਕਰਦੀ ਹੈ ਤਾਂ ਉਸ ਬਜਟ ਤੋਂ ਕਿਸਾਨਾਂ ਨੂੰ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਹਨ ਪਰ ਕੇਂਦਰ ਸਰਕਾਰ ਦੇ ਬਜਟ ਸਿਰਫ਼, ਕਾਗਜ਼ੀ ਬਣ ਕੇ ਹੀ ਰਹਿ ਜਾਂਦੇ ਹਨ। ਕਿਸਾਨਾਂ ਨੂੰ ਉਨ੍ਹਾਂ ਦੇ ਬਜਟ ਤੋਂ ਕੋਈ ਵੀ ਰਾਹਤ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ, 'ਸਰਕਾਰਾਂ ਦੇ ਬਜਟ ਬਹੁਤ ਆਉਂਦੇ ਹਨ ਪਰ ਇਹ ਬਜਟ ਕਿਸਾਨਾਂ ਲਈ ਲਾਹੇਵੰਦ ਨਹੀਂ ਹੁੰਦੇ, ਬਲਕਿ ਬਜਟਾਂ ਵਿੱਚ ਵੱਡੇ ਕਾਰੋਬਾਰੀ, ਅੰਬਾਨੀ-ਅਡਾਨੀਆਂ ਨੂੰ ਫਾਇਦੇ ਦਿੱਤੇ ਜਾਂਦੇ ਹਨ। ਸਰਕਾਰ ਸਾਰੀਆਂ ਫਸਲਾਂ ਉੱਪਰ ਐਮਐਸਪੀ ਦੇਵੇ ਤਾਂ ਹੀ ਪੰਜਾਬ ਦੇ ਕਿਸਾਨਾਂ ਨੂੰ ਲਾਭ ਮਿਲ ਸਕਦਾ ਹੈ। ਕੇਂਦਰ ਸਰਕਾਰ ਪਹਿਲਾਂ ਵੀ ਕਿਸਾਨਾਂ ਨਾਲ ਬਹੁਤ ਵਾਅਦੇ ਕਰ ਚੁੱਕੀ ਹੈ ਪਰ ਖਰੀ ਨਹੀਂ ਉਤਰੀ ਹੈ,'।
ਖੁਦਕੁਸ਼ੀਆਂ ਦੇ ਰਾਹ ਪੈਣ ਤੋਂ ਬਚਾ ਸਕਦੀ ਹੈ ਸਰਕਾਰ
ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਅੱਜ ਦੇ ਬਜਟ ਵਿੱਚ ਕਿਸਾਨ-ਮਜ਼ਦੂਰਾਂ ਲਈ ਵਿਸ਼ੇਸ਼ ਰਿਆਇਤ ਲੈ ਕੇ ਆਵੇ, ਕਿਸਾਨ ਦਿਨ ਰਾਤ ਮਿਹਨਤ ਕਰਦੇ ਹਨ ਪਰ ਕੋਈ ਲਾਭ ਕਿਸਾਨਾਂ ਨੂੰ ਨਹੀਂ ਮਿਲ ਰਿਹਾ। ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਤਾਂ ਜੋ ਕਿਸਾਨ ਨੁਕਸਾਨੀ ਗਈ ਫਸਲ ਦੇ ਦੁੱਖ ਤੋਂ ਖੁਦਕੁਸ਼ੀ ਦੇ ਰਾਹ ਨਾ ਪੈਣ। ਇਸ ਲਈ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ। ਕਿਸਾਨਾਂ ਦੀਆਂ ਫਸਲਾਂ ਦੇ ਬਣਦੇ ਰੇਟ ਦਿੱਤੇ ਜਾਣ ਅਤੇ ਉਨ੍ਹਾਂ ਨੂੰ ਖੇਤੀ ਉੱਪਰ ਸਬਸਿਡੀ ਦਿੱਤੀ ਜਾਵੇ ਤਾਂ ਜੋ ਉਹ ਵਧੀਆ ਗੁਜ਼ਾਰਾ ਕਰ ਸਕਣ।
ਕਿਸਾਨਾਂ ਨੇ ਕਿਹਾ ਕਿ ਖੇਤੀ ਵਿੱਚ ਉਨ੍ਹਾਂ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾਂਦੀ ਹੈ ਅਤੇ ਲਾਗਤ ਖਰਚਾ ਵਧਣ ਕਾਰਨ ਪੱਲੇ ਕੁਝ ਵੀ ਨਹੀਂ ਪੈ ਰਿਹਾ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ 'ਇਸ ਬਜਟ ਦੇ ਵਿੱਚ ਕੇਂਦਰ ਸਰਕਾਰ ਕਿਸਾਨ ਅਤੇ ਮਜ਼ਦੂਰਾਂ ਦੇ ਹੱਕ ਦੀ ਗੱਲ ਕਰੇ ,ਕਿਸਾਨ ਬਹੁਤ ਸਾਲਾਂ ਤੋਂ ਬਜਟ ਮੌਕੇ ਉਮੀਦਾਂ ਲਗਾਉਂਦੇ ਰਹੇ ਹਨ ਪਰ ਅੰਤ ਵਿੱਚ ਨਿਰਾਸ਼ਾ ਹੀ ਉਨ੍ਹਾਂ ਦੇ ਹੱਥ ਲੱਗੀ ਹੈ। ਫਿਰ ਵੀ ਕਿਸਾਨਾਂ ਨੂੰ ਉਮੀਦ ਹੈ ਕਿ ਇਸ ਵਾਰ ਦੇ ਬਜਟ ਵਿੱਚ ਕੇਂਦਰ ਸਰਕਾਰ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰੇਗੀ।'