ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ 2025 ਵਿੱਚ ਸਿੱਖਿਆ ਖੇਤਰ ਵਿੱਚ ਵੱਡੇ ਐਲਾਨ ਕੀਤੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਮੈਡੀਕਲ ਕਾਲਜਾਂ ਵਿੱਚ 10 ਹਜ਼ਾਰ ਵਾਧੂ ਸੀਟਾਂ ਸ਼ਾਮਲ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਹੋਰ ਕਈ ਵੱਡੇ ਐਲਾਨ ਕੀਤੇ ਹਨ। ਇਸ ਵਾਰ ਬਜਟ ਵਿੱਚ ਉੱਚ ਸਿੱਖਿਆ, ਡਿਜੀਟਲ ਲਰਨਿੰਗ, ਖੋਜ ਅਤੇ ਹੁਨਰ ਵਿਕਾਸ ਲਈ ਨਵੇਂ ਸੁਧਾਰਾਂ ਅਤੇ ਪੇਂਡੂ ਰੁਜ਼ਗਾਰ 'ਤੇ ਜ਼ੋਰ ਦਿੱਤਾ ਗਿਆ ਹੈ। ਸੰਸਦ 'ਚ ਬਜਟ ਪੇਸ਼ ਕਰਦੇ ਹੋਏ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਸ ਵਾਰ ਸਰਕਾਰ ਦਾ ਮੁੱਖ ਫੋਕਸ ਤੇਜ਼ ਆਰਥਿਕ ਵਿਕਾਸ 'ਤੇ ਹੈ। ਸਿੱਖਿਆ, ਪੇਂਡੂ ਵਿਕਾਸ ਅਤੇ ਖੇਤੀਬਾੜੀ ਵਿੱਚ ਸੁਧਾਰ ਕਰਕੇ ਦੇਸ਼ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾਉਣ ਵੱਲ ਕਦਮ ਪੁੱਟੇ ਜਾ ਰਹੇ ਹਨ। ਜਾਣੋ ਬਜਟ 2025 ਵਿੱਚ ਸਿੱਖਿਆ ਅਤੇ ਰੁਜ਼ਗਾਰ ਸਬੰਧੀ ਕਿਹੜੇ ਵੱਡੇ ਐਲਾਨ ਕੀਤੇ ਗਏ ਸਨ।
ਮੈਡੀਕਲ ਸਿੱਖਿਆ ਲਈ ਐਲਾਨ
10 ਸਾਲਾਂ ਵਿੱਚ 1.1 ਲੱਖ ਮੈਡੀਕਲ ਸੀਟਾਂ (ਯੂਜੀ ਅਤੇ ਪੀਜੀ) ਵਧੀਆਂ ਹਨ। ਇਹ 130 ਫੀਸਦ ਵਾਧਾ ਹੈ। ਅਗਲੇ ਸਾਲ ਮੈਡੀਕਲ ਕਾਲਜਾਂ ਵਿੱਚ 10 ਹਜ਼ਾਰ ਵਾਧੂ ਮੈਡੀਕਲ ਸੀਟਾਂ ਦਾ ਵਾਧਾ ਕੀਤਾ ਜਾਵੇਗਾ। ਅਗਲੇ 5 ਸਾਲਾਂ ਵਿੱਚ 75 ਹਜ਼ਾਰ ਮੈਡੀਕਲ ਸੀਟਾਂ ਵਧਾਉਣ ਦਾ ਟੀਚਾ ਹੈ।
ਬਜਟ 2025 ਵਿੱਚ ਸਕੂਲਾਂ ਲਈ ਐਲਾਨ
ਅਗਲੇ 5 ਸਾਲਾਂ ਵਿੱਚ ਸਰਕਾਰੀ ਸਕੂਲਾਂ ਵਿੱਚ 50 ਹਜ਼ਾਰ ਅਟਲ ਟਿੰਕਰਿੰਗ ਲੈਬ ਸਥਾਪਿਤ ਕੀਤੀਆਂ ਜਾਣਗੀਆਂ।
ਸਰਕਾਰੀ ਸੈਕੰਡਰੀ ਸਕੂਲਾਂ ਵਿੱਚ ਬਰਾਡਬੈਂਡ ਕੁਨੈਕਟੀਵਿਟੀ ਮੁਹੱਈਆ ਕਰਵਾਈ ਜਾਵੇਗੀ।
ਭਾਰਤੀ ਭਾਸ਼ਾ ਪੁਸਤਕ ਯੋਜਨਾ ਦੀ ਸ਼ੁਰੂਆਤ। ਸਕੂਲਾਂ ਅਤੇ ਉੱਚ ਸਿੱਖਿਆ ਲਈ।
ਬਜਟ ਵਿੱਚ ਆਈਆਈਟੀ (IIT) ਲਈ ਐਲਾਨ
2014 ਤੋਂ ਬਾਅਦ ਸ਼ੁਰੂ ਹੋਏ 5 ਆਈਆਈਟੀ ਵਿੱਚ ਵਾਧੂ ਬੁਨਿਆਦੀ ਢਾਂਚਾ ਜੋੜਿਆ ਜਾਵੇਗਾ, ਜੋ 6,500 ਹੋਰ ਵਿਦਿਆਰਥੀਆਂ ਨੂੰ ਅਧਿਐਨ ਦੇ ਮੌਕੇ ਪ੍ਰਦਾਨ ਕਰੇਗਾ। IIT ਪਟਨਾ ਵਿਖੇ ਹੋਸਟਲ ਅਤੇ ਹੋਰ ਸਹੂਲਤਾਂ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ। ਪਿਛਲੇ 10 ਸਾਲਾਂ ਵਿੱਚ 23 ਆਈਆਈਟੀ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ 100 ਫੀਸਦ ਦਾ ਵਾਧਾ ਹੋਇਆ ਹੈ। ਸਰਕਾਰ ਹੁਣ ਇਨ੍ਹਾਂ ਸੰਸਥਾਵਾਂ ਦੀ ਸਮਰੱਥਾ ਨੂੰ ਹੋਰ ਵਧਾਉਣ ਲਈ ਕੰਮ ਕਰ ਰਹੀ ਹੈ।
ਏਆਈ ਸੈਂਟਰ ਆਫ਼ ਐਕਸੀਲੈਂਸ
ਸਿੱਖਿਆ ਵਿੱਚ AI ਨੂੰ ਉਤਸ਼ਾਹਿਤ ਕਰਨ ਲਈ, ਵਿੱਤ ਮੰਤਰੀ ਨੇ ਇੱਕ AI ਸੈਂਟਰ ਆਫ ਐਕਸੀਲੈਂਸ ਦਾ ਪ੍ਰਸਤਾਵ ਕੀਤਾ ਹੈ। ਇਸ ਲਈ 500 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਨੌਜਵਾਨਾਂ ਨੂੰ ਵਿਸ਼ਵ ਪੱਧਰੀ ਹੁਨਰ ਸਿਖਲਾਈ ਪ੍ਰਦਾਨ ਕਰਨ ਲਈ 5 ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕੀਤੇ ਜਾਣਗੇ। ਇਹ ਕੇਂਦਰ ਉਦਯੋਗ ਦੀਆਂ ਲੋੜਾਂ ਅਨੁਸਾਰ ਹੁਨਰ ਵਿਕਾਸ ਵਿੱਚ ਮਦਦ ਕਰਨਗੇ। ਦੇਸ਼ ਭਰ ਵਿੱਚ 50,000 ਅਟਲ ਟਿੰਕਰਿੰਗ ਲੈਬ ਸਥਾਪਿਤ ਕੀਤੀਆਂ ਜਾਣਗੀਆਂ, ਜੋ ਬੱਚਿਆਂ ਵਿੱਚ ਵਿਗਿਆਨਕ ਸੋਚ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਗੀਆਂ। ਸਾਰੇ ਸਰਕਾਰੀ ਸੈਕੰਡਰੀ ਸਕੂਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਬਰਾਡਬੈਂਡ ਕਨੈਕਟੀਵਿਟੀ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਡਿਜੀਟਲ ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਹੋਵੇਗਾ।
ਸਰਕਾਰ ਬਿਹਾਰ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਫੂਡ ਟੈਕਨਾਲੋਜੀ, ਐਂਟਰਪ੍ਰਿਨਿਓਰਸ਼ਿਪ ਐਂਡ ਮੈਨੇਜਮੈਂਟ ਦੀ ਸਥਾਪਨਾ ਕਰੇਗੀ। ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਉੱਦਮ ਦੇ ਨਵੇਂ ਮੌਕੇ ਮਿਲਣਗੇ। ਵਿੱਤ ਮੰਤਰੀ ਨੇ ਕਿਹਾ ਕਿ ਇੱਕ ਵਿਕਸਤ ਭਾਰਤ ਦਾ ਟੀਚਾ ਗਰੀਬੀ ਮੁਕਤ ਦੇਸ਼, 100 ਫੀਸਦ ਚੰਗੀ ਸਕੂਲੀ ਸਿੱਖਿਆ, ਕਿਫਾਇਤੀ ਅਤੇ ਵਧੀਆ ਸਿਹਤ ਸੇਵਾਵਾਂ, ਹੁਨਰਮੰਦ ਮਜ਼ਦੂਰ, ਔਰਤਾਂ ਦੀ ਆਰਥਿਕ ਭਾਗੀਦਾਰੀ ਅਤੇ ਕਿਸਾਨਾਂ ਦੇ ਸਸ਼ਕਤੀਕਰਨ 'ਤੇ ਅਧਾਰਤ ਹੈ।