ਸੰਗਰੂਰ: ਕਿਸੇ ਵੀ ਵੱਡੀ ਕਾਮਯਾਬੀ ਪਿੱਛੇ ਛੋਟੇ-ਛੋਟੇ ਕਦਮਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਉਸੇ ਤਰ੍ਹਾਂ ਵੱਡੇ-ਵੱਡੇ ਖ਼ਤਰਿਆਂ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਰੋਕਣ ਲਈ ਛੋਟੇ-ਛੋਟੇ ਕਦਮ ਹੀ ਬਹੁਤ ਹੀ ਕਾਰਗਾਰ ਸਾਬਿਤ ਹੋ ਸਕਦੇ ਹਨ। ਇਸੇ ਲਈ ਤਾਂ ਸੰਗਰੂਰ ਦੇ ਪਿੰਡ ਖਿੱਲ੍ਹਰੀਆਂ ਦੀ ਪੰਚਾਇਤ ਨੇ ਕੁੱਝ ਅਜਿਹੇ ਕਦਮ ਚੁੱਕੇ ਨੇ ਜੋ ਉਨ੍ਹਾਂ ਦੇ ਪਿੰਡ ਦੀ ਆਬੋ-ਹਵਾ ਨੂੰ ਗੰਧਲਾ ਹੋਣ ਤੋਂ ਰੋਕਣਗੇ।
ਲਓ ਜੀ ਐਨਰਜੀ ਡਰਿੰਕ ਨੂੰ ਲੈ ਕੇ ਵੱਡਾ ਫ਼ਰਮਾਨ! (ETV Bharat) ਪੰਚਾਇਤ ਦਾ ਨਿਵੇਕਲਾ ਉਪਰਾਲਾ
ਪਿੰਡ ਖਿੱਲ੍ਹਰੀਆਂ ਦੀ ਪੰਚਾਇਤ ਨੇ ਆਪਣੇ ਪਿੰਡ, ਬੱਚਿਆਂ ਅਤੇ ਨੌਜਵਾਨਾਂ ਨੂੰ ਬੁਰਾਈਆਂ ਤੋਂ ਬਚਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿੰਡ ਦੀ ਪੰਚਾਇਤ ਦੇ ਨਾਲ-ਨਾਲ ਪੂਰੇ ਪਿੰਡ ਨੇ ਮਤਿਆਂ ਨੂੰ ਸਹਿਮਤੀ ਦਿੱਤੀ। ਤੁਹਾਨੂੰ ਦੱਸ ਦਈਏ ਕਿ ਪਿੰਡ ਵਾਸੀਆਂ ਨੇ ਸਿਰਫ਼ ਸਹਿਮਤੀ ਹੀ ਨਹੀਂ ਦਿੱਤੀ ਬਲਕਿ ਮੰਨ ਵੀ ਰਹੇ ਹਨ।
ਲਓ ਜੀ ਐਨਰਜੀ ਡਰਿੰਕ ਨੂੰ ਲੈ ਕੇ ਵੱਡਾ ਫ਼ਰਮਾਨ! (ETV Bharat) "ਸਾਰੇ ਮਤੇ ਪੂਰੇ ਪਿੰਡ ਦੀ ਸਹਿਮਤੀ ਨਾਲ ਪਾਏ ਗਏ ਹਨ। ਜੇਕਰ ਅਸੀਂ ਪਿੰਡ ਪੱਧਰ ਤੋਂ ਇੰਨ੍ਹਾਂ ਚੀਜ਼ਾਂ ਦੀ ਸ਼ੁਰੂਆਤ ਕਰਾਂਗੇ ਤਾਂ ਆਉਣ ਵਾਲੇ ਸਮੇਂ 'ਚ ਕੋਈ ਵੀ ਦਿੱਕਤ ਨਹੀਂ ਆਵੇਗੀ।" ਪਿੰਡ ਵਾਸੀ
ਕਿਹੜੇ ਨੇ 9 ਮਤੇ
ਪੰਚਾਇਤ ਨੇ 9 ਮਤੇ ਪਾਸ ਕੀਤੇ ਹਨ। ਇਨ੍ਹਾਂ ਮਤਿਆਂ ਲਈ ਪੂਰੇ ਪਿੰਡ, ਅਫ਼ਸਰਾਂ ਅਤੇ ਪ੍ਰਸ਼ਾਸਨ ਦੀ ਵੀ ਸਹਿਮਤੀ ਲਈ ਗਈ ਸੀ। ਆਓ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੇ ਮਤੇ ਹਨ।
1. ਨੌਜਵਾਨ ਟਰੈਕਟਰ ਉੱਤੇ ਉੱਚੀ ਆਵਾਜ਼ ਵਿੱਚ ਡੈੱਕ ਨਹੀਂ ਲਗਾਉਣਗੇ। ਉਲੰਘਣਾ ਕਰਨ 'ਤੇ 3000 ਰੁਪਏ ਜੁਰਮਾਨਾ ਹੋਵੇਗਾ।
2. ਕਿਸੇ ਵੀ ਪ੍ਰਵਾਸੀ ਦੀ ਪਿੰਡ ਵਿੱਚ ਵੋਟ ਨਹੀਂ ਬਣਾਈ ਜਾਵੇਗੀ।
3. ਪਿੰਡ ਦੇ ਪਲੇਅਰਾਂ ਦੀ ਟੀਮ 'ਤੇ ਪੰਚਾਇਤ ਵੱਲੋਂ ਸਾਰਾ ਖ਼ਰਚ ਕੀਤਾ ਜਾਵੇਗਾ।
4. ਪਿੰਡ ਦੀਆਂ ਦੁਕਾਨਾਂ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਵੇਚਿਆ ਜਾਵੇਗਾ।
5. ਪਿੰਡ ਦੀਆਂ ਦੁਕਾਨਾਂ 'ਤੇ ਕੋਈ ਵੀ ਐਨਰਜੀ ਡਰਿੰਕ ਨਹੀਂ ਵਿਕੇਗੀ।
6. ਪਿੰਡ ਵਿੱਚ ਕਿਸੇ ਕਮੇਟੀ ਜਾਂ ਸੰਸਥਾਵਾਂ ਵੱਲੋਂ ਫੰਡ ਇਕੱਠਾ ਕੀਤਾ ਜਾਂਦਾ ਹੈ ਤਾਂ ਉਹ ਜ਼ਮੀਨ ਦੇ ਹਿਸਾਬ ਜਾਂ ਸ਼ਰਧਾ ਨਾਲ ਦਿੱਤਾ ਜਾਵੇਗਾ।
7. ਪਿੰਡ ਵਿੱਚ ਪਾਣੀ ਵਾਲੇ ਟੈਂਕਰ ਦਾ 100 ਰੁ: ਦਿਨ ਦਾ ਅਤੇ 200 ਰੁ. 24 ਘੰਟਿਆਂ ਦਾ ਕਰਾਇਆ ਹੋਵੇਗਾ।
8. ਪਿੰਡ ਵਿੱਚੋਂ ਵਾਲ (ਕੇਸ) ਖਰੀਦਣਾ ਅਤੇ ਵੇਚਣਾ ਸਖ਼ਤ ਮਨ੍ਹਾਂ ਹੈ।
9. ਵਿਆਹ ਜਾਂ ਕਿਸੇ ਵੀ ਖੁਸ਼ੀ ਦੇ ਮੌਕੇ ਉੱਪਰ ਡੀ.ਜੇ. ਦੀ ਹੱਦ ਰਾਤ 12 ਵਜੇ ਤੱਕ ਹੀ ਹੋਵੇਗੀ, ਉਸ ਤੋਂ ਬਾਅਦ 4000 ਰੁਪਏ ਜੁਰਮਾਨਾ ਭਰਨਾ ਪਵੇਗਾ।
ਗ੍ਰਾਮ ਪੰਚਾਇਤ ਵੱਲੋਂ ਹਦਾਇਤ
ਤੁਹਾਨੂੰ ਦੱਸ ਦਈਏ ਪੰਚਾਇਤ ਨੇ ਹਦਾਇਤ ਕਰਦੇ ਕਿਹਾ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਮਤਿਆਂ ਦੀ ਉਲੰਘਣਾ ਕਰਦਾ ਹੈ ਤਾਂ ਉਸ 'ਤੇ ਪੰਚਾਇਤ ਵੱਲੋਂ ਜਿੱਥੇ ਬਣਦੀ ਕਾਰਵਾਈ ਕੀਤੀ ਜਾਵੇਗੀ, ਉੱਥੇ ਹੀ ਉਸ ਵਿਅਕਤੀ ਦੀ ਫੋਟੋ ਨੂੰ ਪਿੰਡ ਦੇ ਸੋਸ਼ਲ ਮੀਡੀਆ ਉੱਪਰ ਪਾਇਆ ਜਾਵੇਗਾ।
ਐਨਆਰਆਈ ਭਰਾਵਾਂ ਦਾ ਸਹਿਯੋਗ
"ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਟੇਡੀਅਮ ਬਣਾਇਆ ਅਤੇ ਸਿਹਤ ਨੂੰ ਵਧੀਆ ਬਣਾਉਣ ਲਈ ਜਿੰਮ ਦਾ ਸਮਾਨ ਲਗਾਇਆ, ਉਸ 'ਚ ਐਨਆਰਆਈ ਭਰਾਵਾਂ ਦਾ ਸਹਿਯੋਗ ਹੈ,ਪਿੰਡ ਦੇ ਸਰਪੰਚ ਨੇ ਆਖਿਆ ਕਿ ਪੰਚਾਇਤ ਨੇ ਆਪਣੇ ਪਿੰਡ ਦੀ ਨੁਹਾਰ ਨੂੰ ਬਦਲਣ ਅਤੇ ਮਾੜੀ ਸੰਗਤ ਤੋਂ ਪਿੰਡ ਵਾਸੀਆਂ, ਬੱਚਿਆਂ ਅਤੇ ਨੌਜਵਾਨਾਂ ਨੂੰ ਬਚਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ,'।..ਹਰਜਿੰਦਰ ਸਿੰਘ, ਸਰਪੰਚ