ਸੰਗਰੂਰ:ਪੰਜਾਬ ਵਿਚ ਪੱਲੇਦਾਰ ਯੂਨੀਅਨ ਦੀ ਹੜਤਾਲ ਚੱਲ ਰਹੀ ਹੈ। ਮੰਡੀਆਂ ਵਿਚ ਕਣਕ ਦੀ ਆਮਦ ਲਗਾਤਾਰ ਵੱਧਦੀ ਜਾ ਰਹੀ ਹੈ। ਮੀਂਹ ਕਾਰਨ ਭਾਵੇਂ ਕਣਕ ਦੀ ਵਾਢੀ ਦਾ ਕੰਮ ਕੁਝ ਸਮੇਂ ਲਈ ਰੁਕ ਗਿਆ ਹੈ ਪਰ ਫਿਰ ਵੀ ਭਵਾਨੀਗੜ੍ਹ ਦੀ ਅਨਾਜ ਮੰਡੀ ਖੁੱਲ੍ਹੀ ਕਣਕ ਅਤੇ ਵਾਰਦਾਨੇ ਦੇ ਢੇਰਾਂ ਨਾਲ ਭਰੀ ਪਈ ਹੈ। ਮਜ਼ਦੂਰਾਂ ਨੇ ਦੱਸਿਆ ਮੰਡੀਆਂ ਵਿਚ ਕੰਮ ਵੀ ਠੰਡਾ ਪੈ ਗਿਆ ਹੈ। ਉਹਨਾਂ ਦੱਸਿਆ ਕਿ ਸਰਕਾਰ ਵਲੋਂ ਠੇਕੇਦਾਰੀ ਸਿਸਟਮ ਰਾਹੀਂ ਸਾਨੂੰ ਪੇਮੈਂਟ ਕੀਤੀ ਜਾਂਦੀ ਹੈ, ਜਿਸ ਕਾਰਨ ਅੱਧ ਤੋਂ ਜਿਆਦਾ ਠੇਕੇਦਾਰ ਸਾਡੇ ਪੈਸੇ ਖਾ ਜਾਂਦੇ ਹਨ। ਸਾਡੀ ਮੰਗ ਹੈ ਕਿ ਸਰਕਾਰ ਸਾਡੇ ਕੋਲੋਂ ਸਕਿਊਰਿਟੀ ਲੈ ਕੇ ਸਾਨੂੰ ਟੈਂਡਰ ਦੇਵੇ ਅਤੇ ਸਾਡੀ ਪੇਮੈਂਟ ਸਿੱਧੀ ਸਾਡੇ ਕੋਲ ਪਹੁੰਚੇ।
ਪੱਲੇਦਾਰਾਂ ਦੀ ਹੜਤਾਲ ਕਾਰਨ ਮੰਡੀਆਂ ਵਿਚ ਖੁੱਲ੍ਹੇ ਅਸਮਾਨ ਹੇਠ ਰੁਲ ਰਹੀ ਹੈ ਕਣਕ - wheat procurement
ਪੱਲੇਦਾਰ ਯੂਨੀਅਨ ਦੀ ਹੜਤਾਲ ਕਾਰਨ ਮੰਡੀਆਂ 'ਚ ਖੁੱਲ੍ਹੀ ਕਣਕ ਦੇ ਢੇਰ ਲੱਗ ਹੋਏ ਹਨ ਅਤੇ ਨਾਲ ਹੀ ਵਾਰਦਾਨੇ ਦੇ ਵੀ ਅੰਬਾਰ ਲੱਗੇ ਹੋਏ ਹਨ। ਜਿਸ ਕਾਰਨ ਕਿਸਾਨ ਅਤੇ ਆੜਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Published : Apr 24, 2024, 8:15 AM IST
ਖੁੱਲ੍ਹੇ ਆਸਮਾਨ ਦੇ ਹੇਠਾਂ ਵਾਰਦਾਨੇ ਦੇ ਅੰਬਾਰ: ਇਸ ਮੌਕੇ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਦੱਸਿਆ ਕਿ ਅੱਜ ਤੱਕ ਕਿਸੇ ਵੀ ਸਰਕਾਰ ਦੇ ਕਾਰਜਕਾਲ ਦੌਰਾਨ ਮੰਡੀਆਂ ਵਿਚ ਅਜਿਹੇ ਮਾੜੇ ਹਾਲਾਤ ਨਹੀਂ ਹੋਏ। ਮੰਡੀਆਂ ਵਿਚ ਵਾਰਦਾਨੇ ਦੀ ਘਾਟ ਨਾਲ ਆੜਤੀਆਂ ਨੂੰ ਜੂਝਣਾ ਪੈ ਰਿਹਾ ਹੈ। ਪੱਲੇਦਾਰਾਂ ਦੀ ਹੜਤਾਲ ਕਾਰਨ ਮੰਡੀਆ ਵਿਚ ਲਿਫਟਿੰਗ ਨਹੀਂ ਹੋ ਰਹੀ, ਜਿਸ ਕਾਰਨ ਖੁੱਲ੍ਹੇ ਆਸਮਾਨ ਦੇ ਹੇਠਾਂ ਵਾਰਦਾਨੇ ਦੇ ਅੰਬਾਰ ਲੱਗ ਰਹੇ ਹਨ। ਉਨ੍ਹਾਂ ਦੱਸਿਆ ਕਿ ਮੀਂਹ ਦਾ ਪਾਣੀ ਕਣਕ ਦੀਆਂ ਬੋਰੀਆਂ ਦੇ ਉਪਰ ਤੋਂ ਲੈ ਕੇ ਹੇਠਾਂ ਤੱਕ ਵਿਚ ਪੈ ਰਿਹਾ ਹੈ।
ਸਰਕਾਰ ਦੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ:ਉਥੇ ਹੀ ਆੜਤੀ ਅਤੇ ਕਾਂਗਰਸੀ ਆਗੂ ਬੰਟੀ ਗਰਗ ਨੇ ਦੱਸਿਆ ਕਿ ਮੰਡੀਆਂ ਵਿਚ ਕਣਕ ਦੀ ਫਸਲ ਰੁਲ ਰਹੀ ਹੈ ਅਤੇ ਮੀਂਹ ਵਿੱਚ ਭਿੱਜ ਰਹੀ ਹੈ। ਆੜਤੀਆਂ ਨੂੰ ਵਾਰਦਾਨੇ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਣਕ ਲਾਹੁਣ ਲਈ ਜਗ੍ਹਾ ਘੱਟਦੀ ਜਾ ਰਹੀ ਹੈ। ਜੇਕਰ ਪੱਲੇਦਾਰਾਂ ਨੇ ਹੜਤਾਲ ਵਾਪਸ ਨਾ ਲਈ ਤਾਂ ਸ਼ਹਿਰ-ਬਾਜਾਰਾਂ ਵਿਚ ਵੀ ਝੋਨਾ ਲਾਹੁਣ ਲਈ ਜਗ੍ਹਾ ਨਹੀਂ ਬਚਣੀ। ਉਨ੍ਹਾਂ ਕਿਹਾ ਕਿ ਮੀਂਹ ਪੈਣ ਤੋਂ ਬਾਅਦ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਕਿਸਾਨ ਅਤੇ ਆੜਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ 'ਚ ਸਰਕਾਰ ਵਲੋਂ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ ਹਨ।