ਨਹਿਰੀ ਪਾਣੀ ਨੂੰ ਤਰਸੇ ਕਿਸਾਨ (ETV Bharat Bathinda) ਬਠਿੰਡਾ :ਧਰਤੀ ਹੇਠਲਾ ਪਾਣੀ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਨੂੰ ਲੈ ਕੇ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਅਤੇ ਸਮੁੱਚੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ 11 ਜੂਨ ਤੋਂ ਬਾਅਦ ਝੋਨੇ ਦੀ ਬਜਾਈ ਕਰਨ ਅਤੇ ਕਿਸਾਨਾਂ ਨੂੰ ਇਸ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਬਿਜਲੀ ਅਤੇ ਨਹਿਰੀ ਪਾਣੀ ਦਾ ਪ੍ਰਬੰਧ ਕਰਕੇ ਦਿੱਤਾ ਜਾਵੇਗਾ। ਪੰਜਾਬ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਪੋਲ ਖੋਲਦੇ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਦੀ ਬਚਤ ਨੂੰ ਲੈ ਕੇ ਸਰਕਾਰ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ ਸਨ ਅਤੇ ਨਹਿਰੀ ਪਾਣੀ ਉਹਨਾਂ ਦੇ ਖੇਤਾਂ ਤੱਕ ਪਹੁੰਚਾਉਣ ਦੀ ਗੱਲ ਆਖੀ ਗਈ ਸੀ, ਨੂੰ ਲੈ ਕੇ ਹੁਣ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਹਨ।
ਪਿਛਲੇ ਇੱਕ ਦਹਾਕੇ ਤੋਂ ਖਾਲਾਂ ਦੀ ਨਹੀਂ ਹੋਈ ਮੁਰੰਮਤ : ਕਿਸਾਨ ਅਮਰਜੀਤ ਸਿੰਘ ਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟੇਲਾਂ ਤੇ ਪਾਣੀ ਪਹੁੰਚਾਉਣ ਦਾ ਜੋ ਦਾਅਵਾ ਕੀਤਾ ਗਿਆ ਸੀ, ਉਸ ਵਿੱਚ ਕਾਫੀ ਹੱਦ ਤੱਕ ਕਾਮਯਾਬ ਨਹੀਂ ਹੋ ਸਕੀ, ਜਿਸ ਪਿੱਛੇ ਵੱਡਾ ਕਾਰਨ ਇਹ ਹੈ ਕਿ ਟੇਲਾਂ ਦੇ ਪਾਣੀ ਪਹੁੰਚਣ ਦੇ ਬਾਵਜੂਦ ਸਰਕਾਰੀ ਖਾਲਾਂ ਦੀ ਮੁਰੰਮਤ ਜਾਂ ਸਫਾਈ ਨਹੀਂ ਕਰਾਈ ਗਈ, ਜਿਸ ਕਾਰਨ ਵੱਡਾ ਰਕਬਾ ਨਹਿਰੀ ਪਾਣੀ ਤੋਂ ਵਾਂਝਾ ਹੈ। ਉਹਨਾਂ ਕਿਹਾ ਕਿ ਪਿੰਡ ਭੁੱਚੋ ਖੁਰਦ ਵਿਖੇ ਜੋ ਸਰਕਾਰੀ ਖਾਲ ਬਣਿਆ ਹੋਇਆ ਹੈ, ਉਸ ਦੀ ਪਿਛਲੇ ਇੱਕ ਦਹਾਕੇ ਤੋਂ ਮੁਰੰਮਤ ਨਹੀਂ ਹੋਈ ਅਤੇ ਨਾ ਹੀ ਉਸ ਦੀ ਸਫਾਈ ਹੋਈ ਹੈ। ਜਗ੍ਹਾ-ਜਗ੍ਹਾ ਤੋਂ ਟੁੱਟੇ ਇਹ ਸਰਕਾਰੀ ਖਾਲ ਕਾਰਨ ਕਰੀਬ 800 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਹੂਲਤ ਨਹੀਂ ਮਿਲ ਰਹੀ। ਭਾਵੇਂ ਨਹਰੀ ਵਿਭਾਗ ਵੱਲੋਂ ਟੇਲਾਂ ਤੱਕ ਪਾਣੀ ਪਹੁੰਚਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅੱਗੇ ਖਾਲਾ ਦੀ ਮੁਰੰਮਤ ਨਾ ਹੋਣ ਕਾਰਨ ਸੈਂਕੜੇ ਏਕੜ ਜ਼ਮੀਨ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ।
ਝੋਨੇ ਦੀ ਇੱਕ ਹੀ ਮਿਤੀ ਤੈਅ ਸਰਕਾਰ ਦੀ ਵੱਡੀ ਗਲਤੀ :ਉਹਨਾਂ ਦੱਸਿਆ ਕਿ ਦੂਸਰੀ ਸਭ ਤੋਂ ਵੱਡੀ ਸਮੱਸਿਆ ਸਰਕਾਰ ਵੱਲੋਂ ਇੱਕ ਹੀ ਮਿਤੀ ਤੈਅ ਕੀਤੇ ਜਾਣ ਕਾਰਨ ਝੋਨੇ ਦੀ ਲਵਾਈ ਲਈ ਕਿਸਾਨਾਂ ਨੂੰ ਲੇਬਰ ਨਹੀਂ ਮਿਲ ਰਹੀ। ਜੇਕਰ ਪ੍ਰਵਾਸੀ ਕੋਈ ਮਿਲ ਵੀ ਜਾਂਦਾ ਹੈ ਤਾਂ ਉਸ ਵੱਲੋਂ ਪ੍ਰਤੀ ਏਕੜ 5 ਹਜ਼ਾਰ ਰੁਪਏ ਝੋਨੇ ਦੀ ਲਵਾਈ ਮੰਗੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਉੱਪਰ ਵਾਧੂ ਦਾ ਬੋਝ ਪੈ ਰਿਹਾ ਹੈ। ਕਿਸਾਨ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਤਲਵੰਡੀ ਸਾਬੋ ਹਲਕੇ ਵਿੱਚ ਨਹਿਰੀ ਵਿਭਾਗ ਵੱਲੋਂ ਟੇਲਾਂ ਤੱਕ ਪਾਣੀ ਪਹੁੰਚਾਉਣ ਦੀ ਗੱਲ ਆਖੀ ਜਾ ਰਹੀ ਹੈ ਪਰ ਇਹਨਾਂ ਗੱਲਾਂ ਵਿੱਚ ਕੋਈ ਸੱਚਾਈ ਨਹੀਂ ਕਿਉਂਕਿ ਬਹੁਤੇ ਕੱਸੀਆਂ ਅਤੇ ਸੂਇਆਂ ਦੀ ਸਫ਼ਾਈ ਨਹਿਰੀ ਵਿਭਾਗ ਵੱਲੋਂ ਨਹੀਂ ਕਰਵਾਈ ਗਈ, ਜਿਸ ਕਾਰਨ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ।
ਕਿਸਾਨ ਬਿਜਲੀ ਅਤੇ ਡੀਜ਼ਲ ਦੇ ਸਹਾਰੇ ਕਰ ਰਹੇ ਹਨ ਝੋਨੇ ਦੀ ਬਿਜਾਈ :ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਬਿਜਲੀ ਜਾਂ ਡੀਜ਼ਲ ਦੇ ਸਹਾਰੇ ਆਪਣੀ ਫ਼ਸਲ ਦੀ ਬਜਾਈ ਕਰਨੀ ਪੈ ਰਹੀ ਹੈ, ਜੇਕਰ ਪੰਜਾਬ ਸਰਕਾਰ ਵੱਲੋਂ ਨਹਿਰੀ ਵਿਭਾਗ ਨੂੰ ਦਿਸ਼ਾ ਨਿਰਦੇਸ਼ ਦੇ ਕੇ ਪਹਿਲਾਂ ਤੋਂ ਹੀ ਪ੍ਰਬੰਧ ਕੀਤੇ ਗਏ ਹੁੰਦੇ ਤਾਂ ਅੱਜ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਅਤੇ ਬਿਜਲੀ ਬਾਲਣ ਦੀ ਲੋੜ ਨਹੀਂ ਪੈਣੀ ਸੀ ਕਿਉਂਕਿ ਨਹਿਰੀ ਵਿਭਾਗ ਵੱਲੋਂ ਸਮੇਂ ਰਹਿੰਦਿਆਂ ਸੂਏ ਅਤੇ ਕੱਸੀਆਂ ਦੀ ਸਫਾਈ ਨਹੀਂ ਕਰਵਾਈ ਗਈ, ਜਿਸ ਅੱਜ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੀ ਕਹਿੰਦੇ ਹਨ ਐਕਸੀਅਨ ਸੁਖਜੀਤ ਸਿੰਘ ਰੰਧਾਵਾ :ਜ਼ਿਕਰਯੋਗ ਹੈ ਕਿ ਇਸ ਸੰਬੰਧੀ ਨਹਿਰੀ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ 70 ਤੋਂ 80 ਨਹਿਰਾਂ ਸੂਏ ਕੱਸੀਆਂ ਦੀ ਸਫ਼ਾਈ ਕਰਵਾਈ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੇ ਸੂਏ ਅਤੇ ਕੱਸੀਆਂ ਨੂੰ ਮਨਰੇਗਾ ਰਾਹੀਂ ਸਾਫ਼ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਨਹਿਰੀ ਵਿਭਾਗ ਵੱਲੋਂ ਟੇਲਾਂ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਸਮੇਂ ਸਿਰ ਕਿਸਾਨ ਆਪਣੀ ਫ਼ਸਲ ਦੀ ਬਿਜਾਈ ਕਰ ਸਕਣ ਅਤੇ ਜੇਕਰ ਕਿਸੇ ਕਿਸਾਨ ਨੂੰ ਕਿਸੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਇਸ ਸਬੰਧੀ ਉਹ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ ਅਤੇ ਉਸਦੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ।