ਹੈਦਰਾਬਾਦ ਡੈਸਕ: ਪੰਜਾਬ ਕਾਂਗਰਸ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਦੀ ਪਤਨੀ ਨਵਜੋਤ ਕੌਰ (ਨੋਨੀ) ਨੂੰ ਛੱਤੀਸਗੜ੍ਹ ਸਿਵਿਲ ਸੋਸਾਇਟੀ ਵਲੋਂ 850 ਕਰੋੜ ਰੁਪਏ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਕਾਰਵਾਈ ਨਵਜੋਤ ਸਿੱਧੂ ਵਲੋਂ ਪ੍ਰੈਸ ਕਾਨਫਰੰਸ ਕਰਕੇ ਪਤਨੀ ਦਾ ਨਿੰਬੂ ਪਾਣੀ, ਕੱਚੀ ਹਲਦੀ ਅਤੇ ਨਿੰਮ ਨਾਲ ਕੈਂਸਰ ਠੀਕ ਕਰਨ ਦਾ ਦਾਅਵਾ ਕਰਨ ਉੱਤੇ ਹੋਈ ਹੈ। ਦਰਅਸਲ, ਛੱਤੀਸਗੜ੍ਹ ਸਿਵਿਲ ਸੋਸਾਇਟੀ ਨੇ ਪੱਤਰ ਲਿੱਖ ਕੇ ਨਵਜੋਤ ਕੌਰ ਨੂੰ 850 ਕਰੋੜ ਦਾ ਨੋਟਿਸ ਜਾਰੀ ਕੀਤਾ ਹੈ ਅਤੇ ਇਲਾਜ ਦੇ ਸਬੂਤ ਮੰਗੇ ਹਨ।
7 ਦਿਨਾਂ ਅੰਦਰ ਮੰਗੇ ਸਬੂਤ
ਛੱਤੀਸਗੜ੍ਹ ਸਿਵਲ ਸੁਸਾਇਟੀ ਦੇ ਕਨਵੀਨਰ ਡਾ. ਕੁਲਦੀਪ ਸੋਲੰਕੀ ਨੇ ਕਿਹਾ ਕਿ ਤੁਹਾਡੀ ਖੁਰਾਕ ਬਾਰੇ ਸੁਣ ਕੇ ਦੇਸ਼-ਵਿਦੇਸ਼ ਵਿੱਚ ਕੈਂਸਰ ਦੇ ਮਰੀਜ਼ਾਂ ਵਿੱਚ ਐਲੋਪੈਥੀ ਦਵਾਈ ਪ੍ਰਤੀ ਭਰਮ ਅਤੇ ਵਿਰੋਧ ਦੀ ਸਥਿਤੀ ਪੈਦਾ ਹੋ ਰਹੀ ਹੈ। ਇਲਾਜ ਦੇ ਦਸਤਾਵੇਜ਼ 7 ਦਿਨਾਂ ਦੇ ਅੰਦਰ ਪੇਸ਼ ਕਰੋ। ਉਨ੍ਹਾਂ ਕਿਹਾ ਕਿ ਜੇਕਰ 7 ਦਿਨਾਂ ਅੰਦਰ ਮੁਆਫ਼ੀ ਜਾਂ ਸਬੂਤ ਨਾ ਮਿਲੇ, ਤਾਂ ਉਹ ਆਪਣੇ ਵਕੀਲ ਰਾਹੀਂ ਅਦਾਲਤ 'ਚ ਜਾਣਗੇ। ਸੋਲੰਕੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਐਕਸ ਉੱਤੇ ਵੀ ਟਵੀਟ ਕੀਤਾ ਹੈ।
ਛੱਤੀਸਗੜ੍ਹ ਸਿਵਿਲ ਸੋਸਾਇਟੀ ਨੇ ਕਿਹੜੀ ਜਾਣਕਾਰੀ ਮੰਗੀ
- ਡਾਕਟਰ ਕੁਲਦੀਪ ਸੋਲੰਕੀ ਨੇ ਨਵਜੋਤ ਕੌਰ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ ਹੈ ਕਿ ਉਨ੍ਹਾਂ ਦੇ ਪਤੀ ਨੇ ਖੁਰਾਕ ਰਾਹੀਂ ਕੈਂਸਰ ਨੂੰ ਠੀਕ ਕਰਨ ਦਾ ਦਾਅਵਾ ਕੀਤਾ ਹੈ। ਕੀ ਤੁਸੀਂ ਉਨ੍ਹਾਂ ਦੇ ਬਿਆਨ ਦਾ ਪੂਰਾ ਸਮਰਥਨ ਕਰਦੇ ਹੋ?
- ਕੀ ਤੁਹਾਨੂੰ ਲੱਗਦਾ ਹੈ ਕਿ ਐਲੋਪੈਥੀ ਦਵਾਈ ਦੇ ਇਲਾਜ ਦਾ ਜੋ ਤੁਸੀਂ ਕਈ ਹਸਪਤਾਲਾਂ ਵਿੱਚ ਕਰਵਾਇਆ ਹੈ, ਉਸ ਦਾ ਤੁਹਾਨੂੰ ਕੋਈ ਲਾਭ ਨਹੀਂ ਹੋਇਆ?
- ਕੀ ਤੁਸੀਂ ਕੈਂਸਰ ਮੁਕਤ ਹੋਣ ਲਈ ਸਿਰਫ ਆਪਣੀ ਖੁਰਾਕ ਵਿੱਚ ਨਿੰਮ ਦੇ ਪੱਤੇ, ਨਿੰਬੂ ਪਾਣੀ, ਤੁਲਸੀ ਦੇ ਪੱਤੇ, ਹਲਦੀ ਦਾ ਸੇਵਨ ਕੀਤਾ ਹੈ? ਕੋਈ ਐਲੋਪੈਥੀ ਦਵਾਈ ਨਹੀਂ ਵਰਤੀ?
- ਜੇਕਰ ਤੁਸੀਂ ਆਪਣੇ ਪਤੀ ਦੇ ਦਾਅਵੇ ਦਾ ਸਮਰਥਨ ਕਰਦੇ ਹੋ, ਤਾਂ ਸਾਨੂੰ 7 ਦਿਨਾਂ ਦੇ ਅੰਦਰ ਸਾਰੇ ਪ੍ਰਮਾਣਿਤ ਦਸਤਾਵੇਜ਼ ਪ੍ਰਦਾਨ ਕਰੋ, ਜੋ ਇਹ ਸਾਬਿਤ ਕਰ ਸਕਦੇ ਹਨ ਕਿ ਤੁਸੀਂ ਬਿਨਾਂ ਕਿਸੇ ਦਵਾਈ ਦੇ ਜਾਂ ਬਿਨਾਂ ਕਿਸੇ ਡਾਕਟਰੀ ਸਹਾਇਤਾ ਦੇ ਆਪਣੀ ਖੁਰਾਕ ਵਿੱਚ ਤਬਦੀਲੀ ਕਰਕੇ 40 ਦਿਨਾਂ ਵਿੱਚ ਸਟੇਜ 4 ਦੇ ਕੈਂਸਰ ਨੂੰ ਠੀਕ ਕਰ ਲਿਆ ਹੈ ਅਤੇ ਤੁਸੀਂ ਕੈਂਸਰ ਮੁਕਤ ਹੋ ਗਏ ਹੋ।
- ਉਨ੍ਹਾਂ ਇਹ ਵੀ ਲਿਖਿਆ ਕਿ ਜੇਕਰ ਪਤੀ ਦੇ ਸਮਰਥਨ ਦਾ ਕੋਈ ਸਬੂਤ ਨਹੀਂ ਹੈ, ਤਾਂ ਇੱਕ ਪ੍ਰੈਸ ਕਾਨਫਰੰਸ ਕਰਕੇ ਸੱਪਸ਼ਟੀਕਰਨ ਦਿਓ।
Treatment + Diet - Great combination for Cancer cure! pic.twitter.com/Q8y4DPfGV3
— Navjot Singh Sidhu (@sherryontopp) November 22, 2024
ਨਵਜੋਤ ਸਿੱਧੂ ਨੇ ਕੀ ਦਾਅਵਾ ਕੀਤਾ ਸੀ?
ਬੀਤੇ ਦਿਨਾਂ ਪਹਿਲਾਂ ਹੀ, ਮੀਡੀਆਂ ਨੂੰ ਸੰਬੋਧਨ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਜਦੋਂ ਨੋਨੀ 3 ਸਟੇਜ 'ਤੇ ਸੀ, ਤਾਂ ਡਾਕਟਰਾਂ ਨੇ ਬੱਚਣ ਦੀ ਉਮੀਦ ਵੀ ਘੱਟ ਦੱਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਕੈਂਸਰ 'ਚ ਖਾਣ ਨੂੰ ਗੈਪ ਦਿਓ ਤਾਂ ਕੈਂਸਰ ਦੇ ਸੈੱਲ ਖੁਦ ਮਰ ਜਾਣਗੇ। ਸ਼ਾਮ 7 ਵਜੇ ਖਾਣੇ ਤੋਂ ਬਾਅਦ ਸਵੇਰੇ 10 ਵਜੇ ਖਾਣਾ ਚਾਹੀਦਾ ਹੈ। ਨਿੰਬੂ, ਨਿਮ ਦੇ ਪੱਤੇ ਅਤੇ ਤੁਲਸੀ ਦਾ ਵੱਧ ਉਪਯੋਗ ਕਰਨਾ ਚਾਹੀਦਾ ਹੈ।
Diet Plan pic.twitter.com/BGmJfSMoo3
— Navjot Singh Sidhu (@sherryontopp) November 25, 2024
ਇਸ ਤੋਂ ਇਲਾਵਾ, ਚਾਹ ਵੀ ਛੱਡਣੀ ਪਵੇਗੀ ਅਤੇ ਹਲਦੀ, ਅਦਰਕ ਅਤੇ ਪੇਠੇ ਦੇ ਜੂਸ ਨੂੰ ਤਰਜੀਹ ਦੇਣੀ ਚਾਹੀਦੀ ਹੈ। ਫਲਾਂ 'ਚ ਸ਼ਹਿਤੂਤ, ਚੁਕੰਦਰ, ਗਾਜਰ ਅਤੇ ਔਲੇ ਦਾ ਜੂਸ ਪੀਣਾ ਚਾਹੀਦਾ ਹੈ ਜੋ ਕੈਂਸਰ ਨੂੰ ਜੜੋ ਖ਼ਤਮ ਕਰਨ ਲਈ ਸਹਾਇਤਾ ਕਰੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਜੋ ਇਲਾਜ ਕੈਂਸਰ ਦਾ ਹੈ ਉਹੀ ਇਲਾਜ ਫੈਟੀ ਲੀਵਰ ਦਾ ਵੀ ਹੈ। ਉਨ੍ਹਾਂ ਕਿਹਾ ਨਾਰੀਅਲ ਦਾ ਤੇਲ ਅਤੇ ਸਰੋਂ ਦਾ ਤੇਲ ਦਾ ਭੋਜਨ ਖਾਣਾ ਚਾਹੀਦਾ ਹੈ। ਇਹ ਨੁਕਸੇ ਹਰ ਕੋਈ ਆਪਣੇ ਘਰ ਇਸਤਮਾਲ ਕਰ ਸਕਦਾ ਹੈ।
ਇਸ ਤੋਂ ਇਲਾਵਾ, ਸਿੱਧੂ ਨੇ ਸਾਰਾ ਡਾਈਟ ਪਲਾਨ ਵੀ ਐਕਸ ਉੱਤੇ ਸ਼ੇਅਰ ਕੀਤਾ ਸੀ।