ਡਾਂਗ, ਗੁਜਰਾਤ: ਗੁਜਰਾਤ ਦੇ ਡਾਂਗ ਜ਼ਿਲ੍ਹੇ ਵਿੱਚ ਸਵੇਰੇ 4 ਵਜੇ ਦੇ ਕਰੀਬ ਸਪੁਤਾਰਾ ਘਾਟ ਰੋਡ 'ਤੇ ਇੱਕ ਨਿੱਜੀ ਬੱਸ 200 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਇਸ ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾਗ੍ਰਸਤ ਬੱਸ ਮੱਧ ਪ੍ਰਦੇਸ਼ ਦੇ ਗੁਨਾ ਤੋਂ 48 ਸ਼ਰਧਾਲੂਆਂ ਨੂੰ ਲੈ ਕੇ ਤ੍ਰਿੰਬਕੇਸ਼ਵਰ ਤੋਂ ਪਰਤ ਰਹੀ ਸੀ। ਪੁਲਿਸ ਮੁਤਾਬਕ ਬੱਸ ਬੇਕਾਬੂ ਹੋ ਕੇ ਖੱਡ 'ਚ ਜਾ ਡਿੱਗ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਬਚਾਅ ਦਲ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।
200 ਫੁੱਟ ਡੂੰਘੀ ਖੱਡ ਵਿੱਚ ਡਿੱਗੀ ਬੱਸ
ਇਹ ਹਾਦਸਾ ਐਤਵਾਰ ਸਵੇਰੇ ਕਰੀਬ 4 ਵਜੇ ਵਾਪਰਿਆ। ਨਾਸਿਕ ਤੋਂ ਆ ਰਹੀ ਇੱਕ ਲਗਜ਼ਰੀ ਬੱਸ ਢਾਈ ਕਿਲੋਮੀਟਰ ਦੂਰ ਸਪੁਤਾਰਾ ਜਾਣ ਵਾਲੇ ਰਸਤੇ 'ਤੇ ਮਾਲੇਗਾਮ ਫੋਰੈਸਟ ਗੈਸਟ ਹਾਊਸ ਦੇ ਸਾਹਮਣੇ ਘਾਟ 'ਤੇ 200 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ। ਬੱਸ 'ਚ ਕੁੱਲ 48 ਸ਼ਰਧਾਲੂ ਸਵਾਰ ਸਨ, ਜੋ ਕਿ ਧਾਰਮਿਕ ਯਾਤਰਾ 'ਤੇ ਸਨ ਪਰ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ 'ਚ 35 ਸ਼ਰਧਾਲੂ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 16 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਗੰਭੀਰ ਰੂਪ ਨਾਲ ਜ਼ਖਮੀ ਯਾਤਰੀਆਂ ਨੂੰ ਆਹਵਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਦਕਿ ਇੱਕ ਯਾਤਰੀ ਨੂੰ ਸੂਰਤ ਰੈਫਰ ਕਰ ਦਿੱਤਾ ਗਿਆ ਹੈ।
ਤ੍ਰਿੰਬਕੇਸ਼ਵਰ ਤੋਂ ਦਵਾਰਕਾ ਜਾ ਰਹੇ ਸਨ ਸ਼ਰਧਾਲੂ
ਡਾਂਗ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਐਸ.ਕੇ. ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸਾਪੁਤਾਰਾ ਹਿੱਲ ਸਟੇਸ਼ਨ ਨੇੜੇ ਵਾਪਰਿਆ। ਉਨ੍ਹਾਂ ਕਿਹਾ, "ਮੁਢਲੀ ਜਾਂਚ ਦੇ ਅਨੁਸਾਰ, ਬੱਸ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਸੁਰੱਖਿਆ ਬੈਰੀਅਰ ਨੂੰ ਤੋੜ ਕੇ ਘਾਟੀ ਵਿੱਚ ਜਾ ਡਿੱਗੀ।" ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਹ ਬੱਸ ਮਹਾਰਾਸ਼ਟਰ ਦੇ ਤ੍ਰਿੰਬਕੇਸ਼ਵਰ ਤੋਂ ਗੁਜਰਾਤ ਦੇ ਦਵਾਰਕਾ ਲਈ 48 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਸੀ। ਮ੍ਰਿਤਕਾਂ ਅਤੇ ਜ਼ਖਮੀਆਂ ਵਿੱਚ ਮੱਧ ਪ੍ਰਦੇਸ਼ ਦੇ ਗੁਨਾ, ਸ਼ਿਵਪੁਰੀ ਅਤੇ ਅਸ਼ੋਕ ਨਗਰ ਜ਼ਿਲ੍ਹਿਆਂ ਦੇ ਲੋਕ ਸ਼ਾਮਲ ਹਨ।
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਐੱਸ.ਕੇ. ਸਿੰਘ ਨੇ ਅੱਗੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਦਕਿ ਜ਼ਖਮੀਆਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਫਿਲਹਾਲ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਭਿਆਨਕ ਹਾਦਸੇ 'ਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ 'ਚ ਸੋਗ ਦੀ ਲਹਿਰ ਹੈ, ਉਥੇ ਹੀ ਜ਼ਖਮੀ ਲੋਕ ਹਸਪਤਾਲ 'ਚ ਦਰਦ ਨਾਲ ਕੁਰਲਾ ਰਹੇ ਹਨ। ਹਾਦਸੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਸਵੈ-ਸੇਵੀ ਸੰਸਥਾਵਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।