ਮੁਹਾਲੀ:ਅੱਜ ਸੂਬੇ ਦੇ 10 ਜ਼ਿਲ੍ਹਿਆਂ ਵਿਚੋਂ ਪੇਂਡੂ ਮਜ਼ਦੂਰ ਮਨਰੇਗਾ ਨਾਲ ਸੰਬੰਧਿਤ ਮੰਗਾਂ ਲੈਕੇ ਮੁਹਾਲੀ ਪਹੁੰਚੇ। ਬੰਦ ਦੇ ਸੱਦੇ ਦੇ ਬਾਵਜੂਦ ਭਰਵੇਂ ਇਕੱਠ ਨਾਲ ਡੈਮੋਕ੍ਰੇਟਿਕ ਮਨਰੇਗਾ ਫਰੰਟ ਨੇ ਸਰਕਾਰ ਤੋਂ ਅਣਦੇਖੀ ਕੀਤੇ ਜਾਣ ਬਾਬਤ ਨਰਾਜ਼ਗੀ ਪ੍ਰਗਟ ਕੀਤੀ ਜਿਸ ਕਾਰਨ ਪ੍ਰਸ਼ਾਸਨ ਨੇ ਮੁੱਖ ਮੰਤਰੀ ਦਫ਼ਤਰ ਦੇ ਵਿਸ਼ੇਸ਼ ਮੁੱਖ ਸਕੱਤਰ ਨਾਲ ਉਹਨਾਂ ਨੂੰ 28 ਫਰਵਰੀ ਨੂੰ ਮੀਟਿੰਗ ਲਈ ਸੱਦਿਆ ਹੈ।
ਡੀ ਐਮ ਐੱਫ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ ,ਸੂਬਾ ਸਕੱਤਰ ਹਰਦੀਪ ਕੌਰ ਪਾਲੀਆ ,ਨਿਰਮਲਾ ਕੌਰ ਧਰਮਗੜ੍ਹ ਰਾਜ ਕੌਰ ਥੂਹੀ ,ਖੁਸ਼ਵਿੰਦਰ ਕੌਰ ਸੂਲਰ , ਸੁਖਵਿੰਦਰ ਕੌਰ ਬਾਲਪੁਰ ਸੁਰਿੰਦਰ ਕੌਰ ਸਿੰਧੜਾ ਅਤੇ ਦਰਸ਼ਨ ਸਿੰਘ ਮੰਡੋਫਲ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਨੇ ਮਨਰੇਗਾ ਕਾਨੂੰਨ ਅਨੁਸਾਰ ਬੇਰੁਜ਼ਗਾਰੀ ਭੱਤੇ ਦੇ ਨਿਯਮ ਲਾਗੂ ਕਰਾਉਣ ਲਈ ਡੇਢ ਸਾਲ ਪਹਿਲਾਂ 10 ਲੱਖ ਰੁਪਏ ਸਲਾਨਾ ਬਜਟ ਦੀ ਮੰਗ ਕੀਤੀ ਸੀ ਪਰ ਸਰਕਾਰ ਨੂੰ ਇਹ ਖਰਚਾ ਕਾਫੀ ਵੱਡਾ ਲੱਗ ਰਿਹਾ ਹੈ। ਜਦੋਂ ਕਿ ਸੂਬੇ ਵਿੱਚ ਕਿਸੇ ਥਾਂ ਖੜ੍ਹੇ ਹੋ ਜਾਓ, ਉਸਦੇ ਅੱਧਾ ਕਿਲੋਮੀਟਰ ਦੇ ਦਾਇਰੇ ਵਿੱਚ 10 ਲੱਖ ਰੁਪਏ ਦੇ ਸਰਕਾਰੀ ਪੋਸਟਰ ਜਰੂਰ ਲੱਗੇ ਮਿਲ ਜਾਣਗੇ। ਕੁਲਵਿੰਦਰ ਕੌਰ ਰਾਮਗੜ੍ਹ, ਰਮਨਜੋਤ ਕੌਰ ਬਾਬਰਪੁਰ ਨੇ ਦੱਸਿਆ ਕਿ ਬੇਰੁਜ਼ਗਾਰੀ ਭੱਤੇ ਦੇ ਨਿਯਮਾਂ ਦੀ ਅਣਹੋਂਦ ਵਿੱਚ ਉਹਨਾਂ ਨੂੰ ਮਨਰੇਗਾ ਤਹਿਤ 100 ਦਿਨ ਦਾ ਰੁਜ਼ਗਾਰ ਹਾਸਲ ਨਹੀਂ ਹੁੰਦਾ।
ਇਸ ਤੋਂ ਇਲਾਵਾ ਸੂਬੇ ਵਿੱਚ ਘੱਟੋ-ਘੱਟ ਉਜਰਤ ਵਿੱਚ ਵੀ ਲੋੜੀਂਦਾ ਵਾਧਾ ਨਹੀਂ ਕੀਤਾ ਜਿਸ ਕਾਰਨ ਮਜ਼ਦੂਰ ਦੀ ਮਨਰੇਗਾ ਦਿਹਾੜੀ ਵੀ ਘੱਟ ਹੈ। ਨਾਲ ਹੀ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਮੇਟ ਨੂੰ ਅਰਧ ਕੁਸ਼ਲ ਕਾਮੇ ਦੀ ਥਾਂ ਨੂੰ ਆਮ ਦਿਹਾੜੀ ਹੀ ਦਿੱਤੀ ਜਾ ਰਹੀ ਹੈ। ਇਹਨਾਂ ਤੋ ਇਲਾਵਾ ਕਈ ਹੋਰ ਮੰਗਾਂ ਨੂੰ ਲੈਕੇ ਮੁਹਾਲੀ ਪਹੁੰਚੇ ਮਜ਼ਦੂਰ ਆਗੂਆਂ ਨੂੰ ਜਦੋਂ ਬੰਦ ਵਾਲੇ ਦਿਨ ਧਰਨਾ ਰੱਖਣ ਬਾਰੇ ਸਵਾਲ ਕੀਤੇ ਗਏ ਤਾਂ ਉਹਨਾਂ ਕਿਹਾ ਕਿ ਮਜ਼ਦੂਰਾਂ ਨੇ ਇਹ ਪ੍ਰੋਗਰਾਮ ਦੋ ਮਹੀਨੇ ਪਹਿਲਾਂ ਉਲੀਕਿਆ ਹੋਇਆ ਸੀ ਜਦੋਂ ਕਿ ਉਹ ਵੀ ਬੰਦ ਪਿੱਛੇ ਉਠਾਏ ਕਿਸਾਨੀ ਮੁੱਦਿਆਂ ਦਾ ਸਮਰਥਨ ਕਰਦੇ ਹਨ। ਹਰਦੀਪ ਕੌਰ ਬਬਲੀ, ਜਗਦੇਵ ਸਿੰਘ ਭੋੜੇ ਨੇ ਦੱਸਿਆ ਕਿ ਟਰਾਂਸਪੋਰਟ ਦੀ ਹੜਤਾਲ ਅਤੇ ਕਈ ਥਾਂ ਚੱਕਾ ਜਾਮ ਕਾਰਨ ਵੱਡੀ ਗਿਣਤੀ ਮਜ਼ਦੂਰ ਅੱਜ ਪਹੁੰਚ ਨਾ ਸਕੇ। ਹਾਲਾਂਕਿ ਡੇਮੋਕ੍ਰੇਟਿਕ ਮਨਰੇਗਾ ਫਰੰਟ ਕਿਸਾਨੀ ਮੰਗਾਂ ਦਾ ਵੀ ਸਮਰਥਨ ਕਰਦੀ ਹੈ।
ਇਸ ਮੌਕੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ, ਗਿਆਨੀ ਕੇਵਲ ਸਿੰਘ ਜੀ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਸਕੂਰ ਮੁਹੰਮਦ ਇਨਸਾਫ ਮੋਰਚਾ ਮਲੇਰਕੋਟਲਾ, ਡਾਕਟਰ ਪਿਆਰਾ ਲਾਲ ਗਰਗ ਸੀਨੀਅਰ ਪੱਤਰਕਾਰ ਹਮੀਰ ਸਿੰਘ, ਹੋਰ ਬੁੱਧੀਜੀਵੀ ਅਤੇ ਸਮਾਜਿਕ ਆਗੂਆਂ ਨੇ ਵੀ ਪਹੁੰਚੇ ਇਕੱਠ ਨੂੰ ਸੰਬੋਧਨ ਕੀਤਾ ਤੇ ਸਰਕਾਰ ਦੀ ਮਨਰੇਗਾ ਦੀ ਅਣਦੇਖੀ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਹ ਸਕੀਮ ਕੇਵਲ ਮਜ਼ਦੂਰ ਹੀ ਨਹੀਂ ਪੰਜ ਏਕੜ ਦੇ ਕਿਸਾਨਾਂ ਲਈ ਆਰਥਿਕ ਮਦਦ ਦੇ ਨਾਲ ਨਾਲ ਪੜ੍ਹੇ ਲਿਖੇ ਨੌਜਵਾਨਾਂ ਲਈ ਬਿਨਾਂ ਸੂਬੇ ਦੇ ਖਜ਼ਾਨੇ ਤੇ ਵਜਨ ਵਧਾਏ ਹਜ਼ਾਰਾਂ ਨੌਕਰੀਆਂ ਪੈਦਾ ਕਰ ਸਕਦੀ ਹੈ। ਸਰਕਾਰ ਪਤਾ ਨਹੀਂ ਕਿਸਦੀ ਸਲਾਹ ਉੱਪਰ ਇਸਨੂੰ ਅਣਗੌਲਿਆ ਕਰ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਈਡੀਪੀ ਦੇ ਕਰਨੈਲ ਸਿੰਘ ਜਖੇਪਲ ,ਦਰਸ਼ਨ ਸਿੰਘ ਧਨੇਠਾ ਫਲਜੀਤ ਸਿੰਘ ਸੰਗਰੂਰ, ਮਨਪ੍ਰੀਤ ਕੌਰ ਰਾਜਪੁਰਾ ,ਤਾਰਾ ਸਿੰਘ ਫਗੂਵਾਲਾ, ਗੁਰਮੀਤ ਸਿੰਘ ਥੂਹੀ, ਚਮਕੌਰ ਸਿੰਘ ਅਗੇਤੀ ਅਤੇ ਸੰਦੀਪ ਕੌਰ ਖੇੜੀ ਗਉੜੀਆਂ ਸੁਖਵਿੰਦਰ ਕੌਰ ਨੌਹਰਾ,ਜਸਪ੍ਰੀਤ ਕੌਰ ਲੋਪੇ ਕ੍ਰਿਸ਼ਨ ਸਿੰਘ ਲਬਾਣਾ ਆਦਿ ਆਗੂਆਂ ਨੇ ਸਰਗਰਮ ਭੂਮਿਕਾ ਨਿਭਾਈ। (ਪ੍ਰੈੱਸ ਨੋਟ)