ਜਲੰਧਰ/ਚੰਡੀਗੜ੍ਹ: ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਸਿਆਸਤਦਾਨਾਂ ਵਲੋਂ ਚੋਣ ਪ੍ਰਚਾਰ ਵੀ ਤੇਜ਼ ਕਰ ਦਿੱਤਾ ਗਿਆ ਹੈ। ਇਸ ਸਮੇਂ ਪੰਜਾਬ ਵਿੱਚ ਪੀਐਮ ਨਰਿੰਦਰ ਮੋਦੀ ਵੀ ਦੌਰੇ ਉੱਤੇ ਹਨ, ਉਹ ਅੱਜ ਪੰਜਾਬ ਪਹੁੰਚੇ ਅਤੇ ਪਟਿਆਲਾ ਵਿਖੇ ਰੈਲੀ ਨੂੰ ਸੰਬੋਧਨ ਕੀਤਾ। ਹੁਣ ਭਲਕੇ ਗੁਰਦਾਸਪੁਰ ਤੇ ਜਲੰਧਰ ਵਿਖੇ ਰੈਲੀ ਕਰਨਗੇ। ਹੁਣ ਭਲਕੇ ਯਾਨੀ ਸ਼ੁੱਕਰਵਾਰ ਨੂੰ ਬਸਪਾ ਰਾਸ਼ਟਰੀ ਪ੍ਰਧਾਨ ਮਾਇਆਵਤੀ ਕੁਮਾਰੀ ਵੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕਰਨਗੇ।
ਸਵੇਰੇ 11 ਵਜੇ ਪਹੁੰਚੇ ਨਵਾਂਸ਼ਹਿਰ: ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਪ੍ਰੈਸ ਨੋਟ ਜਾਰੀ ਕਰਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਕੱਲ੍ਹ 24 ਮਈ ਸੂਬਾ ਪੱਧਰੀ ਰੈਲੀ ਨੂੰ ਸੰਬੋਧਨ ਕਰਨ ਲਈ ਨਵਾਂਸ਼ਹਿਰ ਵਿਖੇ ਪੁੱਜ ਰਹੇ ਹਨ। ਜਸਵੀਰ ਸਿੰਘ ਗੜੀ ਨੇ ਕਿਹਾ ਕਿ ਕੱਲ੍ਹ 11 ਵਜੇ ਨਵਾਂ ਸ਼ਹਿਰ ਵਿਖੇ ਮਾਇਆਵਤੀ ਕੁਮਾਰੀ ਪੰਜਾਬ ਦੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਸਮਰਥਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਗੇ।
ਬਸਪਾ ਮੁਖੀ ਮਾਇਆਵਤੀ ਕੁਮਾਰੀ ਭਲਕੇ ਪੰਜਾਬ ਦੌਰੇ ਉੱਤੇ (Etv Bharat) ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬੋਲਦਿਆਂ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬੜੀ ਮਜਬੂਤੀ ਦੇ ਨਾਲ ਡਟੇ ਹੋਏ ਹਨ। ਅੱਧੀਆਂ ਤੋਂ ਜਿਆਦਾ ਸੀਟਾਂ ਦੇ ਉੱਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜਿੱਤ ਲਈ ਰਾਜਨੀਤਿਕ ਨਤੀਜਿਆਂ ਤੇ ਭਾਰੀ ਅਸਰ ਪਾਉਣਗੇ।
ਬਸਪਾ ਉਮੀਦਵਾਰਾਂ ਦਾ ਸਮਰਥਨ ਕਰਨਗੇ:ਜਸਵੀਰ ਸਿੰਘ ਗੜੀ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਲਿਤ ਪਿਛੜਾ ਵਿਰੋਧੀ ਹੈ, ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕਾਰਜਕਾਲ ਦੇ ਦੌਰਾਨ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਨਹੀਂ ਕੀਤਾ, ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾਕੇ 10 ਤੋਂ 5 ਕਰ ਦਿੱਤੀ ਅਤੇ ਉਹ 5ਮੈਂਬਰ ਵੀ ਅੱਜ ਤੱਕ ਨਿਯੁਕਤ ਨਹੀਂ ਕੀਤੇ। ਸਰਕਾਰ ਵੱਲੋਂ ਅੱਜ ਤੱਕ ਵੀ ਸ੍ਰੀ ਖਰਾਲਗੜ੍ਹ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਰਾਜਮਾਰਗਾਂ ਨੂੰ ਚੌੜਾ ਤਾਂ ਕੀ ਕਰਨਾ ਸੀ, ਪੈਚ ਵਰਕ ਵੀ ਕਰਾਇਆ ਨਹੀਂ ਜਾ ਸਕਿਆ ਹੈ। ਇੱਥੋਂ ਤੱਕ ਕਿ ਆਮ ਲੋਕਾਂ ਦੀ ਸਹੂਲਤ ਲਈ ਨੰਗਲ ਭਲਾਨ ਦੀ ਸੜਕ ਅੱਜ ਵੀ ਰੁਕੀ ਹੋਈ ਹੈ।
ਸ੍ਰੀ ਕੇਸਗੜ੍ਹ ਸਾਹਿਬ ਨੂੰ ਜੋੜਨ ਵਾਲਾ ਸੰਗਤਪੁਰ ਪਿੰਡ ਦਾ ਪੁਲ ਕਿਸੇ ਵੀ ਦਿਨ ਡਿੱਗ ਸਕਦਾ ਹੈ। ਕੀਰਤਪੁਰ ਸਾਹਿਬ ਦੇ ਚੱਗਰ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਦੇ ਨਾਲ ਨਾਲ ਸਕੂਲੀ ਵਿਦਿਆਰਥੀਆਂ ਲਈ ਸਕੂਲਾਂ ਦੀ ਸਹੂਲਤ ਵੀ ਪੂਰੀ ਨਹੀਂ ਮਿਲ ਸਕੀ ਹੈ ਅਤੇ ਬੱਚੇ ਹਿਮਾਚਲ ਪ੍ਰਦੇਸ਼ ਸਕੂਲਾਂ ਵਿੱਚ ਪੜ੍ਹ ਰਹੇ ਹਨ। ਖਡੂਰ ਸਾਹਿਬ ਦੇ ਉਮੀਦਵਾਰ ਅਤੇ ਕੈਬਨਟ ਮੰਤਰੀ ਸ਼੍ਰੀ ਲਾਲਜੀਤ ਭੁੱਲਰ ਵੱਲੋਂ ਪਿਛੜੀਆਂ ਸ਼੍ਰੇਣੀਆਂ ਦੀਆਂ ਰਾਮਗੜੀਆ ਤੇ ਸੁਨਿਆਰਾ ਭਾਈਚਾਰੇ ਦੀਆਂ ਜਾਤੀਆਂ ਨਾਲ ਗਾਲੀ ਗਲੋਚ ਕਰਕੇ ਆਪਣਾ ਪਿਛੜਾ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਬਹੁਜਨ ਸਮਾਜ ਦੇ ਮਾਣ ਸਨਮਾਨ ਦੀ ਬਹਾਲੀ ਲਈ ਲੋਕ ਸਭਾ ਦੀਆਂ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਤਿੱਖੀ ਲੜਾਈ ਲੜ ਰਹੀ ਹੈ। ਮਾਇਆਵਤੀ ਬਸਪਾ ਉਮੀਦਵਾਰਾਂ ਦਾ ਸਮਰਥਨ ਕਰਨਗੇ।