ਲੁਧਿਆਣਾ: ਪੰਜਾਬ ਭਰ ਦੇ ਵਿੱਚ ਅੱਜ ਡੀਸੀ ਦਫਤਰਾਂ ਅੱਗੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲੁਧਿਆਣਾ ਦੇ ਜ਼ਿਲ੍ਹਾ ਡੀਸੀ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਟਰਾਲੀਆਂ ਸੜਕ ਦੇ ਵਿੱਚ ਖੜੀਆਂ ਕਰਕੇ ਕਿਸਾਨਾਂ ਵੱਲੋਂ ਸੜਕ ਵੀ ਜਾਮ ਕਰ ਦਿੱਤੀ ਗਈ।
ਕੇਂਦਰ ਸਰਕਾਰ ਦਾ ਵਿਰੋਧ
ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੀ 25 ਨਵੰਬਰ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਡਰਾਫਟ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਮੰਡੀਆਂ ਖਤਮ ਕਰਕੇ ਪ੍ਰਾਈਵੇਟ ਮੰਡੀਆਂ ਸ਼ੁਰੂ ਕੀਤੀਆਂ ਜਾਣ ਅਤੇ ਸਾਰੀਆਂ ਹੀ ਸਰਕਾਰਾਂ ਨੂੰ ਇਹ ਡਰਾਫਟ 15 ਦਿਨਾਂ ਦੇ ਵਿੱਚ ਸਾਈਨ ਕਰਕੇ ਭੇਜਣ ਲਈ ਕਿਹਾ ਗਿਆ ਹੈ। ਇਸ ਨੂੰ ਲੈ ਕੇ ਹੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਮੁੜ ਤੋਂ ਉਹੀ ਕਾਨੂੰਨ ਲਿਆਉਣਾ ਚਾਹੁੰਦੀ ਹੈ ਜੋ ਕਿਸਾਨਾਂ ਨੇ ਲੰਬੇ ਸੰਘਰਸ਼ ਨਾਲ ਖਤਮ ਕਰਵਾਏ ਸਨ।
ਹੋਰ ਵੀ ਤਿੱਖਾ ਸੰਘਰਸ਼
ਇਸ ਦੌਰਾਨ ਕਿਸਾਨ ਜਥੇਬੰਦੀ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਨੂਰਪੁਰਾ ਨੇ ਕਿਹਾ ਕਿ ਡਲੇਵਾਲ ਦੀ ਸਿਹਤ ਲਈ ਵੀ ਕੇਂਦਰ ਸਰਕਾਰ ਹੀ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਡੱਲੇਵਾਲ ਦੀ ਹਾਲਤ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਦੇ ਐਮਐਸਪੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਦੋ-ਫਾੜ ਕਰਨ ਦੀ ਕੋਸ਼ਿਸ਼ ਸਰਕਾਰ ਕਰ ਰਹੀ ਹੈ ਜੋ ਕਿ ਨਹੀਂ ਹੋਣ ਦਿੱਤਾ ਜਾਵੇਗਾ। ਗੁਰਪ੍ਰੀਤ ਨੂਰਪੁਰਾ ਨੇ ਕਿਹਾ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਅਸੀਂ ਮੰਗ ਪੱਤਰ ਡੀਸੀ ਦੇ ਰਾਹੀਂ ਸਰਕਾਰ ਤੱਕ ਪਹੁੰਚਾ ਰਹੇ ਹਾਂ ਤਾਂ ਜੋ ਸਾਡੀਆਂ ਮੰਗਾਂ ਸਰਕਾਰ ਨੂੰ ਪਹੁੰਚਾਈਆਂ ਜਾਣ, ਉਹਨਾਂ ਕਿਹਾ ਕਿ ਜੇਕਰ ਇਹ ਡਰਾਫਟ ਸਰਕਾਰ ਵਾਪਸ ਨਹੀਂ ਲੈਂਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਐਸਕੇਐਮ ਦੀ ਬੈਠਕ ਤੋਂ ਬਾਅਦ ਇਸ ਸਬੰਧੀ ਹੋਰ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ।