ਗੁਰਦਾਸਪੁਰ: ਬੀਤੇ 12 ਦਸੰਬਰ ਨੂੰ ਬਟਾਲਾ ਪੁਲਿਸ ਅਧੀਨ ਪੈਂਦੀਆਂ ਪੁਲਿਸ ਚੌਂਕੀਆਂ 'ਤੇ ਧਮਾਕੇ ਕਰਨ ਦੇ ਇਲਜ਼ਾਮਾਂ ਹੇਠ ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਮੁਲਜ਼ਮ ਨੂੰ ਆਪਣੀ ਲੱਤ ਗਵਾਉਣੀ ਪੈ ਗਈ ਹੈ।
ਐਨਕਾਉਂਟਰ 'ਚ ਮੁਲਜ਼ਮ ਹੋਇਆ ਸੀ ਜ਼ਖਮੀ
ਦਰਅਸਲ ਪੁਲਿਸ ਨੇ ਧਮਾਕਿਆਂ ਦੇ ਮੁਲਜ਼ਮਾਂ ਨੂੰ ਕਾਬੂ ਕਰਨ ਤੋਂ ਬਾਅਦ ਜਿਸ ਸਮੇਂ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਜਾ ਰਹੀ ਸੀ ਤਾਂ ਮੁਲਜ਼ਮਾਂ ਨੇ ਪੁਲਿਸ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਾਇਰ ਕਰ ਦਿੱਤੇ। ਇਸ ਦੌਰਾਨ ਪੁਲਿਸ ਨੇ ਜਵਾਬੀ ਫਾਇਰ ਕੀਤੇ। ਫਾਇਰਿੰਗ ਦੌਰਾਨ ਦੋ ਮੁਲਜ਼ਮ ਜ਼ਖਮੀ ਹੋ ਗਏ ਅਤੇ ਇੱਕ ਦੇ ਪੈਰ ਵਿੱਚ ਗੋਲੀ ਲੱਗੀ, ਇਸ ਤੋਂ ਬਾਅਦ ਜ਼ਖ਼ਮੀ ਮੁਲਜ਼ਮ ਨੂੰ ਪਹਿਲਾਂ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਬਾਅਦ 'ਚ ਉਹਨਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਮੁਲਜ਼ਮ ਨੌਜਵਾਨ ਦੀ ਲੱਤ ਕੱਟਣੀ ਪਈ।
ਨੌਜਵਾਨਾਂ ਨੂੰ ਅਪੀਲ
ਇਸ ਮਾਮਲੇ ਸਬੰਧੀ ਬੋਲਦਿਆਂ ਵਿਪਨ ਕੁਮਾਰ, ਡੀਐਸਪੀ ਫਤਿਹਗੜ੍ਹ ਚੂੜੀਆਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਦੇਸ਼ ਵਿਰੋਧੀ, ਸਮਾਜ ਵਿਰੋਧੀ ਜਾਂ ਪਰਿਵਾਰ ਵਿਰੋਧੀ ਕੰਮ ਨਾ ਕਰੋ। ਜਿਸ ਨਾਲ ਤੁਹਾਡਾ ਅਜਿਹਾ ਹਸ਼ਰ ਹੋਵੇ । ਨਾਲ ਹੀ ਉਹਨਾਂ ਨੇ ਕਿਹਾ ਕਿ ਕੁਝ ਮਾੜੇ ਅਨਸਰ ਇਹਨਾਂ ਨੌਜਵਾਨਾਂ ਨੂੰ ਕੁੱਝ ਪੈਸਿਆਂ ਲਈ ਵਰਗਲਾਉਂਦੇ ਹਨ ਅਤੇ ਆਪ ਵਿਦੇਸ਼ਾਂ ਵਿੱਚ ਬੈਠ ਜਾਂਦੇ ਹਨ। ਇਹ ਸਭ ਪੰਜਾਬ ਦੀ ਨੌਜਵਾਨ ਪੀੜ੍ਹੀ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ, ਇਸ ਲਈ ਨੌਜਵਾਨ ਆਪਣਾ ਭਵਿੱਖ ਖਰਾਬ ਨਾ ਕਰਨ ਅਤੇ ਸਹੀ ਰਾਹ 'ਤੇ ਚੱਲ ਕੇ ਸਮਾਜ ਨੂੰ ਚੰਗਾ ਸੁਨੇਹਾ ਦੇਣ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪੁਲਿਸ ਚੌਕੀਆਂ ਉੱਤੇ ਲੜੀਵਾਰ ਧਮਾਕੇ ਹੋਏ ਹਨ। ਅੰਮ੍ਰਿਤਸਰ ਵਿੱਚ 17 ਦਸੰਬਰ ਨੂੰ ਪੁਲਿਸ ਸਟੇਸ਼ਨ ਦੇ ਬਾਹਰ ਧਮਾਕਾ ਹੋਇਆ ਸੀ। ਇਹ ਘਟਨਾ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਦੇ ਸਾਹਮਣੇ ਵਾਪਰੀ। ਜਾਣਕਾਰੀ ਮੁਤਾਬਕ ਸਵੇਰੇ ਕਰੀਬ 3 ਵਜੇ ਥਾਣੇ ਦੇ ਬਾਹਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਇਲਾਵਾ, ਮਜੀਠਾ ਵਿਖੇ ਵੀ ਥਾਣੇ ਕੋਲ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਗਈ ਸੀ।