ਪਠਾਨਕੋਟ: ਅੱਜ ਹਲਕਾ ਸੁਜਾਨਪੁਰ ਵਿੱਚ ਪੜ੍ਹਦੇ ਪਿੰਡ ਬੇਦੀਆਂ ਬਜੁੜ ਦੇ ਨਾਲ ਲੱਗਦੇ ਰਾਵੀ ਦਰਿਆ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਹੌਲ ਬਣ ਗਿਆ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਉਨ੍ਹਾਂ ਨੇ ਮੌਕੇ 'ਤੇ ਜਾ ਕੇ ਸ਼ੱਕ ਪ੍ਰਗਟਾਇਆ ਕਿ ਮ੍ਰਿਤਕ ਦਾ ਕਤਲ ਹੋਇਆ ਹੋ ਸਕਦਾ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ, ਤਾਂ ਸਾਰਾ ਮਾਮਲਾ ਸਾਹਮਣੇ ਆਇਆ।
ਲਾਪਤਾ ਹੋਣ ਦੀ ਸ਼ਿਕਾਇਤ ਹੋਈ ਸੀ ਦਰਜ
ਆਖਿਰ ਮਾਮਲਾ ਸੁਲਝਾਉਣ ਤੋਂ ਬਾਅਦ ਡੀ.ਐਸ.ਪੀ. ਲਖਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਮ੍ਰਿਤਕ 4 ਤਰੀਕ ਤੋਂ ਘਰੋਂ ਗਾਇਬ ਸੀ ਅਤੇ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਬਲਜੀਤ ਦਾ ਕਤਲ ਕਰ ਦਿੱਤਾ ਗਿਆ। ਇਹ ਉਹੀ ਨੌਜਵਾਨ ਹੈ, ਜੋ ਘਰੋਂ ਲਾਪਤਾ ਸੀ, ਜਿਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ ਕਿ ਬਲਜੀਤ ਦੇ ਦੋਸਤ ਨੇ ਦੋ ਹੋਰ ਲੋਕਾਂ ਨਾਲ ਮਿਲ ਕੇ ਉਸ ਦਾ ਕਤਲ ਕੀਤਾ ਹੈ।
ਪ੍ਰੇਮਿਕਾ ਪਿੱਛੇ ਕੀਤਾ ਦੋਸਤ ਦਾ ਕਤਲ
ਡੀ.ਐਸ.ਪੀ. ਲਖਵਿੰਦਰ ਸਿੰਘ ਨੇ ਦੱਸਿਆ ਕਿ ਬਲਜੀਤ ਦੇ ਦੋਸਤ ਉਮਰਾਜ ਨੂੰ ਸ਼ੱਕ ਸੀ ਕਿ ਉਹ (ਮ੍ਰਿਤਕ) ਉਸ ਦੀ ਪ੍ਰੇਮਿਕਾ ਨਾਲ ਗੱਲਬਾਤ ਕਰਦਾ ਹੈ। ਜਿਸ ਕਰਕੇ ਉਹ ਲੜਕੀ ਓਮਰਾਜ ਨਾਲ ਗੱਲ ਨਹੀਂ ਕਰ ਰਹੀ। ਜਿਸ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਓਮਰਾਜ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਲਜੀਤ ਨੂੰ ਬਾਹਰ ਬੁਲਾਇਆ, ਪਹਿਲਾਂ ਸ਼ਰਾਬ ਪੀਤੀ ਅਤੇ ਫਿਰ ਬਲਜੀਤ ਨੂੰ ਰੱਸੀ ਨਾਲ ਬੰਨ ਕੇ ਉਸ ਦਾ ਕਤਲ ਕਰਕੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ। ਜਾਂਚ ਕਰਦੇ ਹੋਏ ਪੁਲਿਸ ਨੇ ਕੁਝ ਘੰਟਿਆਂ 'ਚ ਹੀ ਇਸ ਅੰਨ੍ਹੇ ਕਤਲ ਦਾ ਭੇਤ ਸੁਲਝਾ ਲਿਆ। ਮਾਮਲਾ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪੁਲਿਸ ਵੱਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਫਿਲਹਾਲ ਤਿੰਨੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।