ਬਰਨਾਲਾ:ਬਰਨਾਲਾ ਵਿਖੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਟਰਾਈਡੈਂਟ ਗਰੁੱਪ ਅਤੇ ਬਰਨਾਲਾ ਸ਼ਹਿਰ ਦੀਆਂ ਅਲੱਗ-ਅਲੱਗ ਸੰਸਥਾਵਾਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ।
1000 ਯੂਨਿਟ ਦੇ ਕਰੀਬ ਲੋਕਾਂ ਨੇ ਖ਼ੂਨਦਾਨ ਕੀਤਾ:
ਇਸ ਕੈਂਪ ਦੌਰਾਨ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਪਦਮਸ਼੍ਰੀ ਰਜਿੰਦਰ ਗੁਪਤਾ, ਸਾਬਕਾ ਐਮਪੀ ਰਾਜਦੇਵ ਸਿੰਘ ਖ਼ਾਲਸਾ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ, ਐਸਐਸਪੀ ਸੰਦੀਪ ਕੁਮਾਰ ਮਲਿਕ, ਚੇਅਰਮੈਨ ਗੁਰਦੀਪ ਸਿੰਘ ਬਾਠ, ਚੇਅਰਮੈਨ ਰਾਮ ਤੀਰਥ ਮੰਨਾ ਸਮੇਤ ਹੋਰ ਸ਼ਹਿਰ ਨਾਮੀ ਹਸਤੀਆਂ ਨੇ ਸ਼ਮੂਲੀਅਤ ਕੀਤੀ। ਇਸ ਕੈਂਪ ਦੌਰਾਨ 1000 ਯੂਨਿਟ ਦੇ ਕਰੀਬ ਲੋਕਾਂ ਨੇ ਖ਼ੂਨਦਾਨ ਕੀਤਾ। ਖ਼ੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਅਤੇ ਪੌਦਿਆਂ ਨਾਲ ਸਨਮਾਨਿਤ ਕੀਤਾ ਗਿਆ।
ਸਮਾਜਿਕ ਧਾਰਮਿਕ ਅਤੇ ਰਾਜਸੀ ਸੰਸਥਾਵਾਂ ਵੱਲੋਂ ਵੱਡੇ ਪੱਧਰ 'ਤੇ ਸਹਿਯੋਗ ਦਿੱਤਾ:
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਅੱਜ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ। ਇਸ ਖੂਨਦਾਨ ਕੈਂਪ ਵਿੱਚ ਟਰਾਈਡੈਂਟ ਗਰੁੱਪ ਅਤੇ ਹੋਰ ਬਰਨਾਲਾ ਸ਼ਹਿਰ ਦੀਆਂ ਅਲੱਗ-ਅਲੱਗ ਸਮਾਜਿਕ ਧਾਰਮਿਕ ਅਤੇ ਰਾਜਸੀ ਸੰਸਥਾਵਾਂ ਵੱਲੋਂ ਵੱਡੇ ਪੱਧਰ 'ਤੇ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੂਨਦਾਨ ਕੈਂਪ ਵਿੱਚ 1 ਹਜ਼ਾਰ ਯੂਨਿਟ ਖੂਨ ਦਾਨ ਕਰਨ ਦਾ ਟਾਰਗੇਟ ਮਿੱਥਿਆ ਗਿਆ ਹੈ ਅਤੇ ਲੋਕਾਂ ਦੇ ਉਤਸ਼ਾਹ ਸਦਕਾ ਇਹ ਟਾਰਗੇਟ ਪੂਰਾ ਵੀ ਕਰ ਲਿਆ ਗਿਆ ਹੈ।
ਖੂਨਦਾਨ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾ ਸਕਦਾ ਹੈ:
ਪ੍ਰਬੰਧਕਾਂ ਨੇ ਕਿਹਾ ਕਿ ਲੋਕ ਆਪ ਮੁਹਾਰੇ ਇਸ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਨਾ ਪਹੁੰਚੇ ਹਨ, ਜਿਸ ਲਈ ਉਹ ਖੂਨਦਾਨੀਆਂ ਦੇ ਰਿਣੀ ਰਹਿਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਵੱਲੋਂ ਕੀਤਾ ਗਿਆ ਇੱਕ-ਇੱਕ ਬੂੰਦ ਖੂਨ ਦਾਨ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾ ਸਕਦਾ ਹੈ। ਜਿਸ ਕਰਕੇ ਹਰੇਕ ਵਿਅਕਤੀ ਨੂੰ ਆਪਣਾ ਫਰਜ਼ ਸਮਝਦੇ ਹੋਏ ਖ਼ੂਨਦਾਨ ਜਰੂਰ ਕਰਨਾ ਚਾਹੀਦਾ ਹੈ।