ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਹੀ ਵੱਡੀ ਗੱਲ (ETV Bharat Amritsar) ਅੰਮ੍ਰਿਤਸਰ : ਲੋਕ ਸਭਾ ਚੋਣਾਂ 2024 ਦੇ ਨਤੀਜੇ ਬੇਹਦ ਹੈਰਾਨੀਜਨਕ ਰਹੇ ਹਨ ਅਤੇ ਖਾਸ ਕਰਕੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਵੱਡੀ ਲੀਡ ਦੇ ਨਾਲ ਜਿੱਤੇ ਹਨ। ਅੰਮ੍ਰਿਤ ਪਾਲ ਸਿੰਘ ਦੀ ਇਸ ਵੱਡੀ ਜਿੱਤ ਦੇ ਉੱਤੇ ਜਿੱਥੇ ਉਹਨਾਂ ਦੇ ਸਮਰਥਕਾਂ ਦੇ ਵਿੱਚ ਭਾਰੀ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਪਰਿਵਾਰ ਵੱਲੋਂ ਸੰਗਤਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਅਪੀਲਾਂ ਕੀਤੀਆਂ ਗਈਆਂ ਹਨ ਅਤੇ ਨਾਲ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਰਖਵਾਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵੱਡਾ ਪ੍ਰੋਗਰਾਮ ਉਲੀਕਣ ਦਾ ਬਿਆਨ ਦਿੱਤਾ ਗਿਆ ਹੈ।
9 ਮਈ ਨੂੰ ਪਰਿਵਾਰ ਨਾਲ ਆਖਰੀ ਮੁਲਾਕਾਤ :ਜੀ ਹਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤ ਪਾਲ ਸਿੰਘ ਵੱਡੀ ਲੀਡ ਦੇ ਨਾਲ ਜਿੱਤੇ ਹਨ ਅਤੇ ਇਸ ਦੌਰਾਨ ਗੱਲਬਾਤ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਕਹਿਣਾ ਹੈ ਕਿ 6 ਜੂਨ ਤੋਂ ਬਾਅਦ ਉਹ ਕੋਈ ਵੱਡਾ ਪ੍ਰੋਗਰਾਮ ਉਲੀਕਣਗੇ। ਇਸ ਦੇ ਨਾਲ ਹੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਅੰਮ੍ਰਿਤ ਪਾਲ ਸਿੰਘ ਨੂੰ ਉਹਨਾਂ ਦੀ ਇਸ ਜਿੱਤ ਬਾਰੇ ਪਤਾ ਹੈ ਤਾਂ ਉਹਨਾਂ ਨੇ ਦੱਸਿਆ ਕਿ 9 ਮਈ ਨੂੰ ਪਰਿਵਾਰ ਦੀ ਅੰਮ੍ਰਿਤਪਾਲ ਸਿੰਘ ਦੇ ਨਾਲ ਮੁਲਾਕਾਤ ਹੋਈ ਸੀ ਅਤੇ ਸੰਗਤਾਂ ਦਾ ਪਿਆਰ ਦੇਖਦੇ ਹੋਏ ਉਹਨਾਂ ਵੱਲੋਂ ਉਸ ਵੇਲੇ ਹੀ ਸੰਗਤ ਦਾ ਧੰਨਵਾਦ ਕਰ ਦਿੱਤਾ ਗਿਆ ਸੀ।
ਜਸ਼ਨ ਨਾ ਮਨਾਉਣ ਦੀ ਅਪੀਲ :ਇਸ ਦੇ ਨਾਲ ਹੀ ਉਹਨਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਜਲਦ ਤੋਂ ਜਲਦ ਅੰਮ੍ਰਿਤ ਪਾਲ ਸਿੰਘ ਨੂੰ ਛੱਡਣ ਤਾਂ ਜੋ ਅੰਮ੍ਰਿਤਪਾਲ ਸਿੰਘ ਵਾਪਸ ਆ ਕੇ ਨਸ਼ਿਆਂ ਦੇ ਮੁੱਦੇ ਨੂੰ ਉਠਾਉਣ ਅਤੇ ਇਸ ਮਸਲੇ ਦਾ ਹੱਲ ਕਰ ਸਕਣ। ਇਸ ਦੇ ਨਾਲ ਹੀ ਜਦ ਉਹਨਾਂ ਨੂੰ ਸਮਰਥਕਾਂ ਵੱਲੋਂ ਜਸ਼ਨ ਸਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਰਵਾਇਤੀ ਪਾਰਟੀਆਂ ਨਹੀਂ ਹਨ ਅਤੇ ਸਮਰਥਕਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਜਾ ਚੁੱਕੀ ਹੈ ਕਿ ਉਹ ਘੱਲੂਘਾਰਾ ਦਿਵਸ ਨੂੰ ਧਿਆਨ ਵਿੱਚ ਰੱਖਣ ਅਤੇ ਕਿਸੇ ਤਰ੍ਹਾਂ ਦਾ ਜਸ਼ਨ ਨਾ ਬਣਾਉਣ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਅਤੇ ਸੰਗਤਾਂ ਗੁਰੂ ਸਾਹਿਬ ਦਾ ਧੰਨਵਾਦ ਕਰਨ।
6 ਜੂਨ ਤੋਂ ਬਾਅਦ ਹੋਵੇਗੀ ਕਾਨੂੰਨੀ ਪ੍ਰਕਿਰਿਆ ਸ਼ੁਰੂ : ਜਿੱਤ ਤੋਂ ਬਾਅਦ ਹੁਣ ਕੋਰਟ ਜਾਣ ਸਬੰਧੀ ਉਹਨਾਂ ਨੂੰ ਸਵਾਲ ਕਰਨ ਦੇ ਉੱਤੇ ਉਹਨਾਂ ਨੇ ਕਿਹਾ ਕਿ ਫਿਲਹਾਲ 6 ਜੂਨ ਤੱਕ ਉਹ ਇਸ ਬਾਰੇ ਨਹੀਂ ਸੋਚਣਗੇ ਇਸ ਤੋਂ ਬਾਅਦ ਹੀ ਵਕੀਲਾਂ ਦੇ ਨਾਲ ਗੱਲਬਾਤ ਕਰ ਉਹ ਅਗਲੀ ਕਾਰਵਾਈ ਕਰਨਗੇ। ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਘੱਲੂਘਾਰੇ ਨੂੰ ਸਮਰਪਿਤ ਇਹ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਏ ਗਏ ਹਨ ਜੋ ਕਿ ਸ਼ਹੀਦਾਂ ਨੂੰ ਸਮਰਪਿਤ ਹਨ ਅਤੇ ਸ਼ੁਕਰਾਨਾ ਪ੍ਰੋਗਰਾਮ 6 ਜੂਨ ਤੋਂ ਬਾਅਦ ਉਲੀਕੇ ਜਾਣਗੇ।
ਜਦੋਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਪੁੱਛਿਆ ਗਿਆ ਕਿ ਕਿ ਅੰਮ੍ਰਿਤ ਪਾਲ ਸਿੰਘ ਨੂੰ ਉਹਨਾਂ ਦੀ ਜਿੱਤ ਬਾਰੇ ਪਤਾ ਲੱਗ ਚੁੱਕਾ ਹੈ ਤਾਂ ਉਹਨਾਂ ਕਿਹਾ ਕਿ ਅਜਿਹੀ ਖਬਰ ਤਾਂ ਜੇਲ ਵਾਲਿਆਂ ਵੱਲੋਂ ਵੀ ਉਹਨਾਂ ਨੂੰ ਦੱਸ ਦਿੱਤੀ ਗਈ ਹੋਵੇਗੀ ਬਾਕੀ ਮੈਨੂੰ ਇਸ ਬਾਰੇ ਜਿਆਦਾ ਪਤਾ ਨਹੀਂ। ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਆਖਰੀ ਵਾਰ 25 ਅਪ੍ਰੈਲ ਨੂੰ ਮੁਲਾਕਾਤ ਹੋਈ ਸੀ, ਜਿਸ ਤੋਂ ਬਾਅਦ 9 ਮਈ ਨੂੰ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਉਹਨਾਂ ਨੂੰ ਮਿਲ ਕੇ ਆਏ ਸਨ। ਬਾਕੀ ਦੇਖਦੇ ਹਾਂ ਥੋੜਾ ਸਮਾਂ ਮਿਲਦਾ ਹੈ ਤਾਂ ਅੰਮ੍ਰਿਤ ਪਾਲ ਸਿੰਘ ਨੂੰ ਮਿਲ ਕੇ ਜਰੂਰ ਆਵਾਂਗੇ।