ਕਪੂਰਥਲਾ: ਬੀਤੇ ਦਿਨ ਅਮਰੀਕਾ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈਕੇ ਅਮਰੀਕੀ ਜਹਾਜ਼ ਅੰਮ੍ਰਿਤਸਰ ਪਹੁੰਚਿਆ। ਜਿੱਥੇ ਪੰਜਾਬ ਸਣੇ ਵੱਖ-ਵੱਖ ਸੂਬਿਆਂ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪੁਲਿਸ ਵੱਲੋਂ ਸੁਰੱਖਿਆ ਦੇ ਪਹਿਰੇ 'ਚ ਪਹੁੰਚਾਇਆ ਗਿਆ। ਇਸ ਨੂੰ ਲੈਕੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਜਿਸ 'ਚ ਉਨ੍ਹਾਂ ਕਿਹਾ ਕਿ ਖ਼ਬਰ ਸੁਣ ਕੇ ਮਨ ਨੂੰ ਤਕਲੀਫ਼ ਹੋਈ ਹੈ ਕਿਉਂਕਿ ਉਹ ਨੌਜਵਾਨ ਪਤਾ ਨਹੀਂ ਕਿਹੜੇ ਹਲਾਤਾਂ 'ਚ ਦੇਸ਼ ਛੱਡ ਕੇ ਬਾਹਰ ਗਏ ਸਨ ਅਤੇ ਹੁਣ ਉਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ।
'ਸੁਲਝਾਇਆ ਜਾ ਸਕਦਾ ਸੀ ਮਸਲਾ'
ਬੀਬੀ ਜਗੀਰ ਕੌਰ ਨੇ ਕਿਹਾ ਕਿ, 'ਦੁੱਖ ਇਸ ਗੱਲ ਦਾ ਹੈ ਕਿ ਲੋਕ ਆਪਣੀ ਪੂੰਜੀ ਦਾ ਵੱਡਾ ਹਿੱਸਾ ਲਗਾਕੇ ਵਿਦੇਸ਼ ਜਾਂਦੇ ਹਨ। ਬਾਵਜੂਦ ਇਸ ਦੇ ਫਿਰ ਇਹ ਪਤਾ ਨਹੀਂ ਹੁੰਦਾ ਕਿ ਕਿੰਨਾ ਸਮਾਂ ਉਨ੍ਹਾਂ ਨੂੰ ਧੱਕੇ ਖਾਣੇ ਪੈਂਦੇ ਤੇ ਸੰਘਰਸ਼ ਕਰਨਾ ਪਵੇਗਾ। ਸਾਰੇ ਦੇਸ਼ ਵਿੱਚੋਂ 18 ਹਜ਼ਾਰ ਭਾਰਤੀਆਂ ਦੀ ਗਿਣਤੀ ਗੈਰ-ਕਾਨੂੰਨੀ ਦੱਸੀ ਗਈ, ਜੋ ਬਹੁਤ ਘੱਟ ਹੈ। ਇਨ੍ਹਾਂ ਭਾਰਤੀਆਂ ਨੂੰ ਡਿਪੋਰਟ ਕਰਨ ਨਾਲੋਂ ਉੱਥੇ ਹੀ ਲੀਗਲ ਕਰ ਦੇਣਾ ਚਾਹੀਦਾ ਸੀ। ਜੇ ਇਹ ਗੈਰ-ਕਾਨੂੰਨੀ ਸੀ ਤਾਂ ਇਨ੍ਹਾਂ ਨੂੰ ਵਾਪਸ ਭੇਜਣ ਨਾਲੋਂ ਕਾਨੂੰਨੀ ਰਾਹ ਦੱਸਣਾ ਚਾਹੀਦਾ ਸੀ ਤਾਂ ਜੋ ਇਹ ਉੱਥੇ ਕਮਾਈ ਕਰ ਸਕਦੇ। ਜੇ ਸਰਕਾਰ ਯਤਨ ਕਰਦੀ ਤਾਂ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕਰਕੇ ਮਸਲੇ ਨੂੰ ਸੁਲਝਾਇਆ ਜਾ ਸਕਦਾ ਸੀ,'।