ਵਿਦੇਸ਼ ਜਾਣ ਲਈ ਫਾਈਲ ਲਾ ਰਹੇ ਹੋ; ਤਾਂ ਪਹਿਲਾਂ ਦੇਖੋ ਇਹ ਵੀਡੀਓ ਬਠਿੰਡਾ: ਵਿਦੇਸ਼ ਜਾਣਾ ਨਵੀਂ ਪੀੜ੍ਹੀ ਦਾ ਸੁਪਨਾ ਬਣ ਚੁੱਕਿਆ ਹੈ ਜਿਸ ਲਈ ਸਾਡਾ ਯੂਥ ਹਰ ਕੀਮਤ ਅਦਾ ਕਰਨ ਲਈ ਤਿਆਰ ਹੋ ਜਾਂਦਾ ਹੈ। ਫਿਰ ਭਾਵੇਂ ਉਹ ਜਮੀਨ ਗਹਿਣੇ ਅਤੇ ਜ਼ਿੰਦਗੀ ਦੀ ਕਮਾਈ ਹੋਈ ਪੂੰਜੀ ਹੀ ਕਿਉਂ ਨਾ ਹੋਵੇ, ਉਹ ਵੀ ਦਾਅ ਉੱਤੇ ਲਾਉਣ ਲਈ ਤਿਆਰ ਰਹਿੰਦਾ ਹੈ। ਸ਼ਾਇਦ ਇਸੇ ਲਈ ਹਰ ਸ਼ਹਿਰ, ਮੁਹੱਲੇ, ਤੇ ਗਲੀਆਂ ਵਿਚ ਵੀ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਦੀ ਵੱਡੀ ਗਿਣਤੀ ਵਿੱਚ ਖੁੱਲ੍ਹ ਚੁੱਕੇ ਹਨ ਤੇ ਇਨ੍ਹਾਂ ਦੀ ਲਗਾਤਾਰ ਗਿਣਤੀ ਵਧਦੀ ਹੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ ਸਾਰੇ ਤਾਂ ਨਹੀਂ, ਪਰ ਬਹੁਤ ਸਾਰੇ ਇਮੀਗ੍ਰੇਸ਼ਨ ਸੈਂਟਰ ਤੁਹਾਡੇ ਸੁਪਨਿਆਂ ਦੇ ਨਾਲ ਖਿਲਵਾੜ ਵੀ ਕਰਦੇ ਹਨ।
ਇਨ੍ਹਾਂ ਇਮੀਗ੍ਰੇਸ਼ਨ ਸੈਂਟਰਾਂ ਦੇ ਵੱਡੇ ਵੱਡੇ ਬੋਰਡਾਂ ਦੇ ਉੱਪਰ ਲਿਖਿਆ ਹੁੰਦਾ ਹੈ ਫੀਸ ਵੀਜ਼ਾ ਲੱਗਣ ਤੋਂ ਬਾਅਦ, ਅਤੇ ਫੇਰ ਤੁਹਾਡੇ ਤੋਂ ਵਸੂਲੀ ਜਾਂਦੀ ਹੈ ਰਕਮ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਤੁਸੀਂ ਇਹ ਪੈਸਾ ਕਿਵੇਂ ਕਮਾਇਆ ਹੈ ਜਾਂ ਕੀ ਵੇਚ ਕੇ ਪੈਸਿਆਂ ਦਾ ਪ੍ਰਬੰਧ ਕੀਤਾ ਹੈ ਜਾਂ ਕਿੰਨਾ ਕਰਜ਼ਾ ਲਿਆ ਹੈ। ਮਤਲਬ ਹੁੰਦਾ ਹੈ ਤਾਂ ਸਿਰਫ ਠੱਗੀ ਮਾਰ ਕੇ ਪੈਸਾ ਆਪਣੇ ਜੇਬ ਵਿਚ ਪਾਉਣ ਦਾ। ਅਜਿਹੇ ਸੈਂਟਰਾਂ ਦੀ ਪਛਾਣ ਕਿਵੇਂ ਕਰਨੀ ਹੈ, ਇਸ ਬਾਰੇ ਆਮ ਨਾਗਰਿਕ ਨੂੰ ਜਾਗਰੂਕ ਹੋਣ ਦੀ ਬੇਹਦ ਜ਼ਰੂਰਤ ਹੈ।
ਜਦੋਂ ਵਿਦੇਸ਼ ਗਏ 700 ਵਿਦਿਆਰਥੀਆਂ ਦੇ ਦਸਤਾਵੇਜ਼ ਫ਼ਰਜੀ ਨਿਕਲੇ:ਅਜਿਹੇ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਜਿਨ੍ਹਾਂ ਕੋਲ ਨਾ ਲਾਈਸੈਂਸ ਹੁੰਦਾ ਹੈ, ਜਾਂ ਫਿਰ ਲਾਈਸੈਂਸ ਦੀ ਵੈਦਤਾ ਖ਼ਤਮ ਹੋ ਚੁੱਕੀ ਹੁੰਦੀ ਹੈ ਜਾਂ ਪ੍ਰਸ਼ਾਸਨ ਨੇ ਕਿਸੇ ਕਾਰਨ ਮਾਨਤਾ ਰੱਦ ਕਰ ਦਿੱਤੀ ਹੁੰਦੀ ਹੈ। ਪਰ, ਫਿਰ ਵੀ ਅਜਿਹੇ ਲੋਕ ਆਪਣੇ ਇਮੀਗ੍ਰੇਸ਼ਨ ਸੈਂਟਰ ਨੂੰ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਲਈ ਚਲਾਉਂਦੇ ਰਹਿੰਦੇ ਹਨ। ਅਜਿਹੇ ਫ਼ਰਜੀ ਇਮੀਗ੍ਰੇਸ਼ਨ ਸੈਂਟਰ ਵੱਲੋਂ ਵਿਦੇਸ਼ ਭੇਜੇ ਗਏ 700 ਦੇ ਕਰੀਬ ਵਿਦਿਆਰਥੀਆਂ ਨੂੰ ਉਸ ਸਮੇਂ ਦਿਕਤਾਂ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਉਨ੍ਹਾਂ ਦੀ ਫਾਇਲ ਤਿਆਰ ਕਰਨ ਵਾਲੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਿਕ ਵੱਲੋਂ ਫ਼ਰਜ਼ੀ ਦਸਤਾਵੇਜ ਲਗਾ ਦਿੱਤੇ ਸਨ, ਪਰ ਵਿਦੇਸ਼ ਪੜ੍ਹਨ ਗਏ ਇਨ੍ਹਾਂ ਵਿਦਿਆਰਥੀਆਂ ਨੂੰ ਫਰਜ਼ੀ ਦਸਤਾਵੇਜ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਦੋਂ ਉਨ੍ਹਾਂ ਵੱਲੋਂ ਵਿਦੇਸ਼ ਵਿੱਚ ਪੀਆਰ ਲਈ ਅਪਲਾਈ ਕੀਤਾ ਗਿਆ ਤਾਂ ਇਹ ਖੁਲਾਸਾ ਹੋਇਆ ਕਿ ਇਮੀਗ੍ਰੇਸ਼ਨ ਸੈਂਟਰ ਵੱਲੋਂ ਲਗਾਏ ਗਏ ਦਸਤਾਵੇਜ ਫ਼ਰਜੀ ਹਨ।
ਆਈਲੈਟਸ ਕਰਨ ਲੱਗੇ ਜਾਂ ਵੀਜ਼ਾ ਅਪਲਾਈ ਕਰਨ ਲੱਗੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ ਪੁਲਿਸ ਵਲੋਂ ਸਖ਼ਤ ਐਕਸ਼ਨ 'ਤੇ ਖੁਲਾਸਾ:ਬਠਿੰਡਾ ਪੁਲਿਸ ਵੱਲੋਂ ਫਰਜ਼ੀ ਤਰੀਕੇ ਦੇ ਨਾਲ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਚਲਾਉਣ ਵਾਲਿਆਂ ਖਿਲਾਫ਼ ਮੁਹਿੰਮ ਵੱਢੀ ਗਈ ਹੈ ਜਿਸ ਵਿੱਚ ਪਹਿਲੀ ਚੈਕਿੰਗ ਦੌਰਾਨ ਬਹੁਤ ਸਾਰੇ ਇਮੀਗ੍ਰੇਸ਼ਨ ਸੈਂਟਰ ਅਤੇ ਆਈਲੈਟਸ ਸੈਂਟਰ ਸਰਟੀਫਿਕੇਟ ਚੈੱਕ ਕੀਤੇ ਗਏ ਜਿਸ ਵਿੱਚ ਪਾਇਆ ਗਿਆ ਕਿ ਬਹੁਤ ਸਾਰੇ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਕੋਲ ਤਾਂ ਲਾਈਸੈਂਸ ਹੀ ਨਹੀ ਹੈ ਅਤੇ ਕਈਆਂ ਕੋਲ ਲਾਇਸੈਂਸ ਖ਼ਤਮ ਹੋ ਚੁੱਕਾ ਹੈ ਅਤੇ ਕਈਆਂ ਦੀ ਤਾਂ ਸ਼ਨਾਖਤ ਤੱਕ ਨਹੀ ਹੈ।
ਬਠਿੰਡਾ ਵਿੱਚ 90 ਫਰਜ਼ੀ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰਾਂ ਉੱਤੇ ਕਾਰਵਾਈ:ਫ਼ਰਜ਼ੀ ਇਮੀਗ੍ਰੇਸ਼ਨ ਸੈਂਟਰਾਂ ਸੰਬੰਧੀ ਕੀਤੀ ਗਈ ਕਾਰਵਾਈ ਲਈ ਵਿਸ਼ੇਸ਼ ਗੱਲਬਾਤ ਬਠਿੰਡਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਦੇ ਨਾਲ ਕੀਤੀ ਗਈ। ਉਨ੍ਹਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਬਠਿੰਡਾ ਵਿੱਚ ਅਜਿਹੇ ਗੈਰ ਕਾਨੂੰਨੀ ਤਰੀਕੇ ਨਾਲ ਚੱਲਣ ਵਾਲੇ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਦੀ ਸੰਖਿਆ 90 ਹੈ, ਜਿਨ੍ਹਾਂ ਵਿੱਚੋਂ 14 ਆਇਲੈਟਸ ਇਮੀਗ੍ਰੇਸ਼ਨ ਸੈਂਟਰ ਦੇ ਮਾਲਕਾਂ ਖ਼ਿਲਾਫ਼ ਰੈਗੂਲੇਸ਼ਨ ਆਫ ਟ੍ਰੈਵਲਿੰਗ ਐਕਟ 13 ਦੀ ਉਲੰਘਣਾ ਕਰਨ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਬਠਿੰਡਾ ਐਸਐਸਪੀ ਗੁਲਨੀਤ ਖੁਰਾਨਾ ਇਮੀਗ੍ਰੇਸ਼ਨ ਸੈਂਟਰ ਖੋਲ੍ਹਣ ਵਾਲਿਆ ਲਈ ਹਿਦਾਇਤ:ਬਠਿੰਡਾ ਦੇ ਐਸਐਸਪੀ ਗੁਰਮੀਤ ਸਿੰਘ ਖੁਰਾਣਾ ਨੇ ਉਨ੍ਹਾਂ ਲੋਕਾਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਜੋ ਲੋਕ ਆਪਣਾ ਇਮੀਗ੍ਰੇਸ਼ਨ ਸੈਂਟਰ ਬਿਨਾਂ ਲਾਇਸੈਂਸ ਤੋਂ ਚਲਾ ਰਹੇ ਹਨ, ਉਨ੍ਹਾਂ ਨੂੰ ਲਾਇਸੈਂਸ ਪਹਿਲਾਂ ਅਪਲਾਈ ਕਰਨਾ ਚਾਹੀਦਾ ਹੈ, ਬਿਨਾਂ ਲਾਇਸੈਂਸ ਤੋਂ ਕੰਮ ਕਰਨ ਦਾ ਜਾਂ ਸੈਂਟਰ ਖੋਲ੍ਹਣ ਦਾ ਅਧਿਕਾਰ ਹੀ ਨਹੀਂ ਹੈ। ਜਿਸ ਤਰੀਕੇ ਨਾਲ ਪਹਿਲਾਂ ਅਸਲਾ ਰੱਖਣ ਲਈ ਲਾਇਸੈਂਸ ਅਪਲਾਈ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਅਸਲਾ ਖਰੀਦਣਾ ਪੈਂਦਾ ਹੈ। ਉਸੇ ਤਰੀਕੇ ਦੇ ਨਾਲ ਆਈਲੈਟਸ ਜਾਂ ਇੰਮੀਗ੍ਰੇਸ਼ਨ ਸੈਂਟਰ ਖੋਲ੍ਹਣ ਤੋਂ ਪਹਿਲਾਂ ਲਾਇਸੈਂਸ ਜਰੂਰੀ ਹੁੰਦਾ ਹੈ। ਲਾਇਸੈਂਸ ਆਉਣ ਤੋਂ ਬਾਅਦ ਹੀ ਤੁਸੀ ਸੈਂਟਰ ਖੋਲ੍ਹ ਸਕਦੇ ਹੋ।
ਆਮ ਜਨਤਾ ਨੂੰ ਅਪੀਲ- ਸਾਵਧਾਨ ਰਹੋ : ਉੱਥੇ ਹੀ, ਗੁਲਨੀਤ ਖੁਰਾਨਾ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਵਿਦੇਸ਼ ਜਾਣ ਲਈ ਆਪਣੀ ਫਾਈਲ ਅਪਲਾਈ ਕਰਨ ਕਿਸੇ ਵੀ ਇਮੀਗ੍ਰੇਸ਼ਨ ਜਾਂ ਆਈਲੈਟਸ ਸੈਂਟਰ ਵਿੱਚ ਜਾਂਦੇ ਹੋ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਲਾਈਸੈਂਸ ਚੈੱਕ ਕੀਤੇ ਜਾਣ, ਕਿਉਂਕਿ ਇਹ ਤੁਹਾਡਾ ਅਧਿਕਾਰ ਹੈ। ਜੇਕਰ ਉਨ੍ਹਾਂ ਕੋਲ ਲਾਈਸੈਂਸ ਜਾਂ ਗੈਰ ਕਾਨੂੰਨੀ ਗਤੀਵਿਧੀਆਂ ਪਾਏ ਜਾਂਦੀਆਂ ਹਨ, ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਅਤੇ ਖੁਦ ਵੀ ਅਜਿਹੇ ਸੈਂਟਰਾਂ ਦੇ ਜਾਲ ਵਿੱਚ ਫਸਣ ਤੋਂ ਗੁਰੇਜ਼ ਕਰਨ।