ਬਰਨਾਲਾ: ਬਰਨਾਲਾ ਵਿਖੇ ਵਿਜੀਲੈਂਸ ਨੇ ਰਿਸ਼ਵਤ ਲੈਂਦਾ ਤਹਿਸੀਲਦਾਰ ਰੰਗੇ ਹੱਥ ਕਾਬੂ ਕੀਤਾ ਹੈ। ਬਰਨਾਲਾ ਦੇ ਤਪਾ ਮੰਡੀ ਵਿੱਚ ਟਰੈਪ ਲਗਾ ਕੇ ਤਹਿਸੀਲਦਾਰ ਨੂੰ 20 ਹਜ਼ਾਰ ਦੀ ਰਿਸ਼ਵਤ ਸਮੇਤ ਕਾਬੂ ਕੀਤਾ ਗਿਆ। ਇੱਕ ਕਿਸਾਨ ਤੋਂ ਜ਼ਮੀਨ ਦੀ ਰਜਿਸਟਰੀ ਬਦਲੇ 20 ਹਜ਼ਾਰ ਮੰਗੇ ਗਏ ਸਨ, ਜਿਸ ਤੋਂ ਬਾਅਦ ਉਕਤ ਕਿਸਾਨ ਨੇ ਮਾਮਲਾ ਵਿਜੀਲੈਂਸ ਦੇ ਧਿਆਨ ਵਿੱਚ ਲਿਆਂਦਾ। ਅੱਜ ਤਹਿਸੀਲ ਕੰਪਲੈਕਸ ਤਪਾ ਮੰਡੀ ਤੋਂ ਮੁਲਜ਼ਮ ਤਹਿਸੀਲਦਾਰ ਨੂੰ ਵਿਜੀਲੈਂਸ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਤਹਿਸੀਲਦਾਰ ਐਸੋਸੀਏਸ਼ਨ ਦਾ ਸੂਬਾ ਪ੍ਰਧਾਨ ਵੀ ਦੱਸਿਆ ਜਾ ਰਿਹਾ ਹੈ।
20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥ ਗ੍ਰਿਫ਼ਤਾਰ
ਇਸ ਮੌਕੇ ਡੀਐਸਪੀ ਵਿਜੀਲੈਂਸ ਨੇ ਕਿਹਾ ਕਿ ਵਿਜੀਲੈਂਸ ਵਿਭਾਗ ਦੀ ਭ੍ਰਿਸ਼ਟਾਚਾਰ ਮੁਕਤ ਚੱਲ ਰਹੀ ਮੁਹਿੰਮ ਦੇ ਤਹਿਤ ਅੱਜ ਤਪਾ ਮੰਡੀ ਵਿੱਚ ਇੱਕ ਤਹਿਸੀਲਦਾਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਤਪਾ ਦੇ ਤਹਿਸੀਲਦਾਰ ਸੁਖਚਰਨ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਨੂੰ ਅਮਰੀਕ ਸਿੰਘ ਨੇ ਆਪਣੇ ਮਿੱਤਰ ਦੀ ਮੱਦਦ ਨਾਲ ਵਿਜੀਲੈਂਸ ਤੱਕ ਪਹੁੰਚ ਕੀਤੀ ਸੀ। ਜਿਸ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਮੁਲਜ਼ਮ ਤਹਿਸੀਲਦਾਰ ਸ਼ਿਕਾਇਤਕਰਤਾ ਅਮਰੀਕ ਸਿੰਘ ਪਿੰਡ ਬੀਹਲਾ ਦਾ ਰਹਿਣ ਵਾਲਾ ਹੈ, ਜਿਸਦੀ ਜ਼ਮੀਨ ਦੀ ਰਜਿਸਟਰੀ ਦੇ ਬਦਲੇ ਵਿੱਚ ਇਹ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਵਿਜੀਲੈਂਸ ਨੇ ਟਰੈਪ ਲਗਾ ਕੇ ਇਸ ਕੇਸ ਵਿੱਚ ਤਹਿਸੀਲਦਾਰ ਨੂੰ ਮੌਕੇ ਤੋਂ ਰਿਸ਼ਵਤ ਲਈ ਰਾਸ਼ੀ ਸਮੇਤ ਕਾਬੂ ਕੀਤਾ ਹੈ।
ਕੰਮ ਬਦਲੇ ਹੀ ਰਿਸ਼ਵਤ ਮੰਗੀ
ਡੀਐਸਪੀ ਵਿਜੀਲੈਂਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਫਿਲਹਾਲ ਇਕੱਲੇ ਤਹਿਸੀਲਦਾਰ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾਵੇਗੀ। ਮੁਲਜ਼ਮ ਵਿਰੁੱਧ ਪਰਚਾ ਦਰਜ਼ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਨੇ ਸ਼ਿਕਾਇਤਕਰਤਾ ਤੋਂ ਬਿਲਕੁਲ ਸਹੀ ਜਾਇਜ਼ ਕੰਮ ਬਦਲੇ ਹੀ ਰਿਸ਼ਵਤ ਮੰਗੀ ਸੀ। ਡੀਐਸਪੀ ਵਿਜੀਲੈਂਸ ਨੇ ਕਿਹਾ ਕਿ ਮੁਲਜ਼ਮ ਤਹਿਸੀਲਦਾਰ ਐਸੋਸੀਏਸ਼ਨ ਦੇ ਪ੍ਰਧਾਨ ਹਨ ਜਾਂ ਨਹੀਂ, ਇਸ ਬਾਰੇ ਉਨ੍ਹਾਂਂ ਨੂੰ ਕੁੱਝ ਨਹੀਂ ਪਤਾ ਹੈ। ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।