ਅੰਮ੍ਰਿਤਸਰ: ਜ਼ਿਲ੍ਹੇ ਦੇ ਥਾਣਾ ਮੱਤੇਵਾਲ ਦੇ ਅਧੀਨ ਆਉਂਦੇ ਪਿੰਡ ਸਿੱਧਵਾਂ ਵਿਖੇ ਦੇਰ ਰਾਤ 2 ਧਿਰਾਂ ਦੇ ਵਿੱਚ ਝੜਪ ਹੋ ਗਈ। ਇਸ ਝੜਪ ਦੌਰਾਨ ਦੋਵੇਂ ਧਿਰਾਂ ਨੇ ਇੱਟਾਂ-ਰੋੜੇ ਚਲਾ ਦਿੱਤੇ। ਇਸ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਜਿਸਦੇ ਚੱਲਦੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਸਾਥੀਆਂ ਨੂੰ ਬੁਲਾ ਕੇ ਕੀਤਾ ਝਗੜਾ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ "ਸਾਡੇ ਘਰ ਦੇ ਸਾਹਮਣੇ ਪਿੰਡ ਦੇ ਕੁਝ ਨੌਜਵਾਨ ਗੱਡੀ ਖੜੀ ਕਰ ਉੱਚੀ ਆਵਾਜ਼ ਵਿੱਚ ਗਾਣੇ ਲਗਾ ਕੇ ਛੱਡ ਦਿੰਦੇ ਹਨ। ਜਿਸ ਕਰਕੇ ਅਸੀਂ ਕਈ ਵਾਰ ਉਨ੍ਹਾਂ ਨੂੰ ਰੋਕਿਆ ਕਿ ਇੱਥੇ ਗੱਡੀ ਖੜ੍ਹੀ ਨਾ ਕਰਨ ਅਤੇ ਗਾਣੇ ਨਾ ਚਲਾਉਣ, ਜਿਸ ਤੋਂ ਬਾਅਦ ਉਹ ਆਪਣੇ ਕੁਝ ਹੋਰ ਸਾਥੀਆਂ ਨੂੰ ਬੁਲਾ ਕੇ ਸਾਡੇ ਨਾਲ ਝਗੜਾ ਕਰਨ ਲੱਗੇ ਅਤੇ ਸਾਡੀ ਉੱਤੇ ਇੱਟਾਂ-ਰੋੜੇ ਚਲਾਏ ਗਏ। ਉਨ੍ਹਾਂ ਨੇ ਕਿਹਾ ਕਿ ਉਸ ਤੋਂ ਬਾਅਦ ਫਿਰ ਦੁਬਾਰਾ ਉਨ੍ਹਾਂ ਨੇ ਦੇਰ ਰਾਤ ਆ ਕੇ ਗੋਲੀਆਂ ਵੀ ਚਲਾਈਆਂ ਹਨ। ਅਸੀਂ ਇਸਦੀ ਸ਼ਿਕਾਇਤ ਥਾਣਾ ਮੱਤੇਵਾਲ ਪੁਲਿਸ ਨੂੰ ਦਿੱਤੀ ਹੈ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਪੁਖ਼ਤਾ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।"
ਪੀੜਤ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ
ਇਸ ਮੌਕੇ ਥਾਣਾ ਮੱਤੇਵਾਸ ਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਪੀੜਤ ਪਰਿਵਾਰ ਨੇ ਨਿਰਵੈਲ ਸਿੰਘ ਅਤੇ ਉਸਦੇ ਸਾਥੀਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਅਸੀਂ ਪੂਰੇ ਮਾਮਲੇ ਸਬੰਧੀ ਜਾਂਚ ਕਰ ਰਹੇ ਹਾਂ ਅਤੇ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।