ਚੰਡੀਗੜ੍ਹ : SKM ਅਤੇ ਕਿਸਾਨ ਮਜ਼ਦੂਰ ਮੋਰਚੇ ਦੀ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਅੰਦੋਲਨ ਵਿੱਚ ਏਕੇ ਦੇ ਪ੍ਰਸਤਾਵ ਉੱਤੇ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਮੀਟਿੰਗ ਵਿੱਚ ਏਕੇ ਉੱਤੇ ਵਿਚਾਰਾਂ ਹੋਈਆ ਹਨ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਮੀਟਿੰਗ ਵਿੱਚ ਅੰਦੋਲਨ ਲਈ ਤਾਲਮੇਲ ਲਈ ਏਕੇ ਦੇ ਪ੍ਰਸਤਾਵ ਉੱਤੇ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਕਿਹਾ ਹੈ ਕਿ ਅੰਦੋਲਨ ਦੀ ਲੜਾਈ ਇਕੱਲੇ ਨਹੀਂ ਲੜੀ ਜਾ ਸਕਦੀ ਹੈ। ਅੰਦੋਲਨ ਜਿੱਤਣ ਲਈ ਇੱਕਠੇ ਹੋਣ ਦੀ ਜ਼ਰੂਰਤ ਹੈ।
‘ਦੇਸ਼ ਦੀ ਕਿਰਸਾਨੀ ਨੂੰ ਬਚਾਉਣਾ’
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ "ਅੱਜ ਸਾਡੇ 7 ਮੈਂਬਰੀ ਵਫ਼ਦ ਅਤੇ ਸੰਯੁਕਤ ਕਿਸਾਨ ਮੋਰਚਾ (SKM) ਦੇ ਵਫ਼ਦ ਦਰਮਿਆਨ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਚਰਚਾ ਹੋਈ ਹੈ। ਮੀਟਿੰਗ ਸਾਰਥਕ ਰਹੀ ਹੈ ਅਤੇ ਭਵਿੱਖ ਵਿੱਚ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ। ਅਸੀਂ ਏਕੇ ਦੇ ਨੇੜੇ ਪਹੁੰਚ ਗਏ ਹਾਂ। ਮੋਰਚਾ ਜਿੱਤਣ ਲਈ ਏਕਤਾ ਬਹੁਤ ਜ਼ਰੂਰੀ ਹੈ। ਖੇਤੀ ਖਰੜਾ ਪੰਜਾਬ ਵਿਧਾਨ ਸਭਾ ਵਿੱਚ ਸਰਕਾਰ ਨੂੰ ਰੱਦ ਕਰਨਾ ਚਾਹੀਦਾ ਹੈ। ਸਾਡਾ ਸਾਰਿਆਂ ਦਾ ਉਦੇਸ਼ ਦੇਸ਼ ਦੀ ਕਿਰਸਾਨੀ ਨੂੰ ਬਚਾਉਣਾ ਹੈ। ਖਨੌਰੀ ਬਾਰਡਰ 'ਤੇ ਹੋ ਰਹੀ ਮਹਾਪੰਚਾਇਤ ਕਾਰਨ ਅੱਜ ਤੋਂ ਐੱਸਕੇਐੱਮ (ਗੈਰ-ਸਿਆਸੀ) ਦਾ ਕੋਈ ਆਗੂ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕਿਆ, ਜਿਸ ਕਾਰਨ ਅੱਜ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਇਸ ਲਈ ਜਲਦੀ ਹੀ ਅਗਲੀ ਮੀਟਿੰਗ ਬੁਲਾ ਕੇ ਫੈਸਲਾ ਲਿਆ ਜਾਵੇਗਾ।"
"ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕਜੁੱਟ ਕਰਕੇ ਅੰਦੋਲਨ ਕੀਤਾ ਜਾਵੇ। 14 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਮੀਟਿੰਗ ਹੋਣੀ ਹੈ, ਜਿਸ ਲਈ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ ਕਿ ਸਾਡੇ ਡੈਪੂਟੇਸ਼ਨ 'ਤੇ ਕਿੰਨੇ ਮੈਂਬਰ ਹੋਣਗੇ। ਭਲਕੇ 13 ਫਰਵਰੀ ਨੂੰ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ, ਇਸ ਲਈ ਅਸੀਂ ਭਲਕੇ ਸ਼ੰਭੂ ਬਾਰਡਰ 'ਤੇ ਇੱਕ ਵੱਡਾ ਸਮਾਗਮ ਕਰ ਰਹੇ ਹਾਂ, ਜਿਸ ਵਿੱਚ ਹਜ਼ਾਰਾਂ ਕਿਸਾਨ ਇੱਕਜੁੱਟ ਹੋਣਗੇ।"- ਸਰਵਣ ਸਿੰਘ ਪੰਧੇਰ, ਕਿਸਾਨ ਆਗੂ
ਏਕਤਾ ਉੱਤੇ ਗੱਲ
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ ਅਸੀਂ ਇਸ ਮੀਟਿੰਗ ਵਿੱਚ ਏਕਤਾ ਉੱਤੇ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖਨੌਰੀ ਬਾਰਡਰ ਵਾਲਾ ਫੋਰਮ ਅੱਜ ਮਹਾਪੰਚਾਇਤ ਵਿੱਚ ਲੱਗਿਆ ਹੋਇਆ ਹੈ ਅਤੇ ਸਰਵਣ ਪੰਧੇਰ ਉਨ੍ਹਾਂ ਨਾਲ ਇਸ ਮੀਟਿੰਗ ਵਿੱਚ ਹੋਈ ਚਰਚਾ ਬਾਰੇ ਗੱਲ ਕਰ ਲੈਣਗੇ। ਉਗਰਾਹਾਂ ਨੇ ਕਿਹਾ ਹੈ ਕਿ ਏਕੇ ਉੱਤੇ ਅੱਜ ਵਿਚਾਰ ਕਰਨ ਤੋਂ ਬਾਅਦ ਬਹੁਤ ਗੱਲਾਂ ਸਪੱਸ਼ਟ ਹੋ ਗਈਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਐੱਮਐੱਸਪੀ ਦੀ ਮੰਗ ਉੱਤੇ ਸਾਰੀਆਂ ਜਥੇਬੰਦੀਆਂ ਇੱਕ ਹਨ।