ਰੂਪਨਗਰ : ਉੱਤਰ ਭਾਰਤ ਵਿੱਚ ਇਹਨੀ ਦਿਨੀਂ ਗਰਮੀ ਕਾਰਨ ਲੋਕਾਂ ਦਾ ਵਧੇਰੇ ਤੌਰ ਤੇ ਰੁਝਾਨ ਹਿਮਾਚਲ ਵੱਲ ਨੂੰ ਵਧਿਆ ਹੈ ਪਰ ਜਿਥੇ ਲੋਕਾਂ ਨੂੰ ਗਰਮੀ ਦੀ ਮਾਰ ਵੱਜੀ ਹੈ ਉਥੇ ਹੀ ਹਿਮਾਚਲ ਨੂੰ ਜਾਂਦੇ ਰਾਹਾਂ ਉੱਤੇ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਪੰਜਾਬ ਦੇ ਸਰਹੱਦੀ ਪਿੰਡ,ਗਰਾਂ ਮੋੜਾ ਵਿਖੇ ਹਿਮਾਚਲ ਦੀ ਲੱਗੀ ਐਂਟਰੀ ਪਰਚੀ 'ਤੇ ਲੱਗ ਰਹੇ ਭਾਰੀ ਜਾਮ ਕਾਰਨ ਰਾਹਗੀਰ ਪਰੇਸ਼ਾਨ ਹੋ ਰਹੇ ਹਨ। ਇਸ ਨੁੰ ਲੈਕੇ ਚੰਡੀਗੜ੍ਹ ਕੁੱਲੂ ਮਨਾਲੀ ਮੁੱਖ ਮਾਰਗ 'ਤੇ ਪੰਜਾਬ ਹਿਮਾਚਲ ਦੇ ਸਰਹੱਦੀ ਪਿੰਡ ਗਰਾਮੋੜਾ ਵਿਖੇ ਹਿਮਾਚਲ ਪ੍ਰਦੇਸ਼ ਦੀ ਲੱਗੀ ਐਂਟਰੀ ਪਰਚੀ 'ਤੇ ਅੱਜ ਕੱਲ ਭਾਰੀ ਜਾਮ ਲੱਗ ਰਹੇ ਹਨ। ਇਥੋਂ ਲੰਘਣ ਵਾਲੇ ਰਾਹਗੀਰ ਬਹੁਤ ਜਿਆਦਾ ਪਰੇਸ਼ਾਨ ਹੋ ਰਹੇ ਹਨ। ਜਿਸ ਨੂੰ ਲੈ ਕੇ ਉਕਤ ਰਾਹਗੀਰਾਂ ਦਾ ਕਹਿਣਾ ਹੈ ਕਿ ਜਿੱਥੇ ਉਨਾਂ ਦੀਆਂ ਗੱਡੀਆਂ ਦਾ ਇੱਥੇ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਕਿਲੋਮੀਟਰ ਲੰਮੇ ਜਾਮ ਵਿੱਚ ਫਸਣਾ ਪੈ ਰਿਹਾ ਹੈ।
ਖਤਮ ਹੋਣਾ ਚਾਹੀਦਾ ਹੈ ਪਰਚੀ ਸਿਸਟਮ : ਇਸ ਮੌਕੇ ਕੁਝ ਰਾਹਗੀਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਪਰਚੀ ਇਥੇ ਹੋਣੀ ਹੀ ਨਹੀਂ ਚਾਹੀਦੀ। ਉਹਨਾਂ ਕਿਹਾ ਕਿ ਉਹ ਹਿਮਾਚਲ ਪ੍ਰਦੇਸ਼ ਨਾਲ ਸੰਬੰਧ ਰੱਖਦੇ ਹਨ ਅਤੇ ਉਹਨਾਂ ਨੂੰ ਚੰਡੀਗੜ੍ਹ ਪੀਜੀਆਈ ਇਲਾਜ ਲਈ ਜਾਣਾ ਪੈਂਦਾ ਹੈ ਅਤੇ ਕੁਝ ਲੋਕ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਖੇ ਏਮਸ ਹਸਪਤਾਲ ਵਿੱਚ ਇਲਾਜ ਕਰਾਉਣ ਲਈ ਜਾਂਦੇ ਹਨ ਜਿਸ ਕਰਕੇ ਲੋਕਾਂ ਨੂੰ ਇੱਥੇ ਖੱਜਲ ਖੁਆਰ ਹੋਣਾ ਪੈਂਦਾ ਹੈ। ਉਹਨਾਂ ਕਿਹਾ ਕਿ ਜਿਹੜੀ ਇਹ ਪਰਚੀ ਲੱਗੀ ਹੋਈ ਹੈ ਇਸ ਨੂੰ ਕਿਸੇ ਸਹੀ ਥਾਂ 'ਤੇ ਸ਼ਿਫਟ ਕੀਤਾ ਜਾਵੇ ਕਿਉਂਕਿ ਜਿਸ ਥਾਂ 'ਤੇ ਇਹ ਪਰਚੀ ਕੱਟਣ ਵਾਲਾ ਬੂਥ ਲੱਗਿਆ ਹੋਇਆ ਹੈ। ਉਹ ਇੱਕ ਚੜ੍ਹਾਈ ਵਾਲੀ ਜਗ੍ਹਾ ਹੈ ਅਤੇ ਜਿਸ ਕਾਰਨ ਟਰੱਕਾਂ ਕਾਰਾਂ ਆਦਿ ਦੀਆਂ ਕਲੱਚ ਪਲੇਟਾਂ ਆਦਿ ਤੋਂ ਇਲਾਵਾ ਹੋਰ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜਮ ਲੱਗਣ ਕਾਰਨ ਸਿਰਫ ਦੋ ਚਾਰ ਫੁੱਟ ਤੱਕ ਹੀ ਗੱਡੀ ਤੁਰਦੀ ਹੈ। ਫਿਰ ਗੱਡੀ ਰੁਕ ਜਾਂਦੀ ਹੈ ਜਿਸ ਕਰਕੇ ਉਹਨਾਂ ਦੀਆਂ ਗੱਡੀਆਂ ਦਾ ਨੁਕਸਾਨ ਹੋ ਰਿਹਾ ਹੈ।