ਪੰਜਾਬ

punjab

ETV Bharat / state

ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੀ ਗਿਣਤੀ ਵਧੀ ; ਕੁੱਲ੍ਹ 17 ਲੋਕ ਪ੍ਰਭਾਵਿਤ, ਪੁਲਿਸ ਨੇ ਸਾਰੇ ਸ਼ਰਾਬ ਤਸਕਰ ਕੀਤੇ ਗ੍ਰਿਫ਼ਤਾਰ - SANGRUR POISONOUS LIQUOR UPDATE

Sangrur Poisonous Liquor Update: ਸੰਗਰੂਰ ਵਿੱਚ ਬੀਤੇ ਦਿਨ ਜ਼ਹਿਰੀਲੀ ਸ਼ਰਾਬ ਨਾਲ 4 ਮੌਤਾਂ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਅੱਠ ਹੋ ਗਈ ਹੈ।

Sangrur Sharab case update
ਸੰਗਰੂਰ ਵਿਖੇ ਜ਼ਹਿਰੀਲੀ ਸ਼ਰਾਬ ਪੀਕੇ ਮਰਨ ਵਾਲਿਆਂ ਦੀ ਗਿਣਤੀ ਹੋਈ ਅੱਠ

By ETV Bharat Punjabi Team

Published : Mar 21, 2024, 11:00 AM IST

Updated : Mar 21, 2024, 11:53 AM IST

ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੀ ਗਿਣਤੀ ਵਧੀ

ਸੰਗਰੂਰ: ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਹਲਕਾ ਦਿੜਬਾ ਵਿੱਚ ਜ਼ਹਿਰੀਲੀ ਸ਼ਰਾਬ ਵੱਲੋਂ ਲੋਕਾਂ ਦੇ ਘਰ ਉਜਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿੱਥੇ ਬੀਤੇ ਦਿਨ ਜ਼ਹਿਰੀਲੀ ਸ਼ਰਾਬ ਪੀਣ ਨਾਲ ਇੱਕੋ ਪਿੰਡ ਗੁੱਜਰਾਂ ਦੇ 4 ਲੋਕਾਂ ਦੀ ਮੌਤ ਹੋ ਗਈ ਸੀ ਉੱਥੇ ਹੀ ਅੱਜ ਮਰਨ ਵਾਲਿਆਂ ਦੀ ਗਿਣਤੀ ਅੱਟ ਹੋ ਗਈ ਹੈ। ਪ੍ਰਸ਼ਾਸਨ ਮੁਤਾਬਿਕ ਪਿੰਡ ਗੁੱਜਰਾਂ ਅਤੇ ਪਿੰਡ ਢੰਡੋਲੀ ਤੋਂ ਕੁੱਲ੍ਹ 17 ਮਰੀਜ਼ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ ਹੁਣ ਤੱਕ 8 ਜਣਿਆਂ ਦੀ ਮੌਤ ਹੋ ਚੁੱਕੀ। ਕਈਆਂ ਦਾ ਸੰਗਰੂਰ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ।

ਕੁੱਲ੍ਹ ਅੱਠ ਮੌਤਾਂ ਹੋਈਆਂ: ਜਾਣਕਾਰੀ ਮੁਤਾਬਿਕ ਪਿੰਡ ਗੁੱਜਰਾਂ ਦੇ 6 ਵਿਅਕਤੀ ਅਤੇ ਇਸ ਦੇ ਨਜਦੀਕੀ ਪਿੰਡ ਢੰਡੋਲੀ ਦੇ 2 ਵਿਅਕਤੀਆਂ ਦੀ ਹੁਣ ਤੱਕ ਜ਼ਹਿਰੀਲੀ ਸ਼ਰਾਬ ਨੇ ਜਾਨ ਲਈ ਹੈ। ਪਿੰਡ ਢੰਡੋਲੀ ਦੇ ਦੋ ਵਿਅਕਤੀ ਇਸ ਮਾਮਲੇ ਵਿੱਚ ਬੀਤੀ ਸ਼ਾਮ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਸੰਗਰੂਰ ਪਹੁੰਚੇ ਸਨ ਅਤੇ ਉਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਨੂੰ ਦੇਖਦਿਆਂ ਦੋਵਾਂ ਮਰੀਜ਼ਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ ਅਤੇ ਇੱਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ।

ਪੁਲਿਸ ਵੱਲੋਂ ਕਾਰਵਾਈ: ਦੂਜੇ ਪਾਸੇ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਸ਼ਰਾਬ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਪੂਰੇ ਮਾਮਲੇ ਵਿੱਚ ਪੁਲਿਸ ਨੇ 302 ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਤੱਕ ਕਈਆਂ ਨੂੰ ਗ੍ਰਿਫਤਾਰ ਕੀਤਾ ਹੈ, ਪਰ ਪੂਰੇ ਮਾਮਲੇ ਦੀ ਜਾਂਚ ਲਈ ਇੱਕ ਐਸਆਈਟੀ ਬਣਾਈ ਗਈ ਹੈ, ਜੋ 72 ਘੰਟਿਆਂ ਵਿੱਚ ਆਪਣੀ ਰਿਪੋਰਟ ਦੇਵੇਗੀ।

ਪਹਿਲਾਂ ਵੀ ਕਾਲ ਪਾਣੀ ਸ਼ਰਾਬ:ਇਸ ਤੋਂ ਪਹਿਲਾਂ ਵੀ ਕਈ ਵਾਰ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ 'ਚ ਸਭ ਤੋਂ ਵੱਡਾ ਮਾਮਲਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਤਰਨਤਾਰਨ ਦਾ ਰਿਹਾ ਸੀ, ਜਿਥੇ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਭੂਚਾਲ ਆ ਗਿਆ ਸੀ ਤੇ ਬੇਸ਼ੱਕ ਉਸ ਸਮੇਂ ਦੀ ਸਰਕਾਰ ਨੇ ਕਾਰਵਾਈ ਦੀ ਗੱਲ ਆਖੀ ਸੀ ਪਰ ਕੈਪਟਨ ਦੇ ਸਿਆਸੀ ਵਿਰੋਧੀ ਸਰਕਾਰ ਦੀ ਕਾਰਵਾਈ ਨੂੰ ਗੋਗਲੂਆਂ ਤੋਂ ਮਿੱਟੀ ਝਾੜਨ ਬਰਾਬਰ ਦੱਸਦੇ ਰਹੇ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਤਰਸਿੱਕਾ ਥਾਣਾ ਅਧੀਨ ਪੈਂਦੇ ਪਿੰਡ ਮੁੱਛਲ ਵਿੱਚ ਵੀ ਕੁਝ ਸਾਲ ਪਹਿਲਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ 11 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ 'ਚ ਪੁਲਿਸ ਵਲੋਂ ਇਕ ਮਹਿਲਾ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਵੀ ਕੀਤਾ ਸੀ।

ਮਰਨ ਵਾਲਿਆਂ ਦੇ ਨਾਮ -

  1. ਜਗਜੀਤ ਸਿੰਘ ਪੁੱਤਰ ਜੋਗਾ ਸਿੰਘ
  2. ਭੋਲਾ ਸਿੰਘ ਪੁੱਤਰ ਬਸੰਤ ਸਿੰਘ
  3. ਪ੍ਰਗਟ ਸਿੰਘ ਪੁੱਤਰ ਜੋਰਾ ਸਿੰਘ
  4. ਨਿਰਮਲ ਸਿੰਘ ਪੁੱਤਰ ਜੋਰਾ ਸਿੰਘ
  5. ਲਾਡੀ ਸਿੰਘ
  6. ਕ੍ਰਿਪਾਲ ਸਿੰਘ ਪੁੱਤਰ ਮੋਹਨ ਸਿੰਘ, ਪਿੰਡ ਢੰਡੋਲੀ
  7. ਕੁਲਦੀਪ ਸਿੰਘ ਪੁੱਤਰ ਗੁਰਜੰਟ ਸਿੰਘ
  8. ਗੁਰਸੇਵਕ ਸਿੰਘ ਪੁੱਤਰ ਗੁਰਦਿਆਲ ਸਿੰਘ
Last Updated : Mar 21, 2024, 11:53 AM IST

ABOUT THE AUTHOR

...view details