ਬਰਨਾਲਾ: ਕਾਂਗਰਸ ਪਾਰਟੀ ਵਲੋਂ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਬਰਨਾਲਾ ਸੁਖਪਾਲ ਸਿੰਘ ਖਹਿਰਾ ਪੁੱਜੇ। ਬਰਨਾਲਾ ਵਿਖੇ ਜਿਲ੍ਹਾ ਕਾਂਗਰਸ ਕਮੇਟੀ ਅਤੇ ਕਾਂਗਰਸੀ ਵਰਕਰਾਂ ਨੇ ਢੋਲ ਵਜਾ ਕੇ ਨਾਅਰਿਆਂ ਦੀ ਗੂੰਜ ਵਿੱਚ ਖਹਿਰਾ ਦਾ ਸਵਾਗਤ ਕੀਤਾ ਗਿਆ। ਬਰਨਾਲਾ ਆਉਂਦੇ ਹੀ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਉਪਰ ਹੱਲਾ ਬੋਲ ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਬਣ ਕੇ ਸਾਹਮਣੇ ਆਈ ਸੀ। ਜੋ ਹੁਣ ਅਮੀਰ ਲੋਕਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਇਸ ਪਾਰਟੀ ਵਿੱਚ ਕਿਸੇ ਵੀ ਵਾਲੰਟਿਅਰ ਦੀ ਕੋਈ ਸੁਣਵਾਈ ਨਹੀਂ ਹੈ। ਵੀਆਈਪੀ ਕਲਚਰ ਦਾ ਵਿਰੋਧ ਕਰਨ ਵਾਲੀ ਪਾਰਟੀ ਦੇ ਮੁੱਖ ਦਾ ਪਰਿਵਾਰ ਭਾਰੀ ਪੁਲਿਸ ਸਕਿਓਰਟੀ ਨਾਲ ਪੰਜਾਬ ਵਿੱਚ ਘੁੰਮ ਰਿਹਾ ਹੈ। ਪਿਛਲੇ ਸਮੇਂ ਬਣਾਏ 8 ਰਾਜ ਸਭਾ ਮੈਂਬਰਾਂ ਵਿੱਚ ਕਿਸੇ ਆਮ ਵਾਲੰਟਿਅਰ ਨੂੰ ਰਾਜ ਸਭਾ ਵਿੱਚ ਨਹੀਂ ਭੇਜਿਆ ਗਿਆ। ਜਦਕਿ ਕਰੋੜਪਤੀ ਲੋਕਾਂ ਅਤੇ ਪੰਜਾਬ ਤੋਂ ਬਾਹਰੀ ਲੋਕਾਂ ਨੂੰ ਰਾਜ ਸਭਾ ਮੈਂਬਰ ਬਣਾ ਦਿੱਤਾ ਗਿਆ। ਇਸਤੋਂ ਇਲਾਵਾ ਪੰਜਾਬ ਦੀਆਂ ਅਹਿਮ ਪੁਜ਼ੀਸ਼ਨਾਂ ਉਪਰ ਨਿਯੁਕਤੀਆਂ ਦਿੱਲੀ ਦੇ ਲੋਕਾਂ ਦੀਆਂ ਕੀਤੀਆਂ ਜਾ ਰਹੀਆਂ ਹਨ।
'ਸਾਰੀਆਂ ਹੀ ਸਰਕਾਰੀ ਨੌਕਰੀਆਂ ਉਪਰ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ ਲਾਇਆ ਜਾ ਰਿਹਾ':ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਚੇਅਰਪਰਸਨ, ਰੇਰਾ ਅਥਾਰਟੀ ਦਾ ਚੇਅਰਮੈਨ ਤੇ ਮੈਂਬਰ, ਬਾਬਾ ਫ਼ਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਦਿੱਲੀ ਤੋਂ ਲਿਆ ਕੇ ਲਗਾਏ ਗਏ। ਸਾਰੀਆਂ ਹੀ ਸਰਕਾਰੀ ਨੌਕਰੀਆਂ ਉਪਰ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ ਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਿਮਾਚਲ, ਗੁਜਰਾਤ, ਉਤਰਾਖੰਡ ਅਤੇ ਰਾਜਸਥਾਨ ਵਿੱਚ ਇਸ ਤਰ੍ਹਾਂ ਦਾ ਕਾਨੂੰਨ ਬਣਿਆ ਹੋਇਆ ਹੈ ਕਿ ਉਥੇ ਸਟੇਟ ਤੋਂ ਬਾਹਰ ਦਾ ਵਿਅਕਤੀ ਨਾ ਤਾਂ ਨੌਕਰੀ ਲੈ ਸਕਦਾ ਹੈ ਨਾ ਹੀ ਜ਼ਮੀਨ ਖ਼ਰੀਦ ਸਕਦਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ 13 ਸੀਟਾਂ ਉਪਰ ਉਮੀਦਵਾਰ ਖੜੇ ਕਰਨ ਲਈ ਬੰਦੇ ਨਹੀਂ ਹਨ। ਜਿਸ ਕਰਕੇ ਬਾਹਰੀ ਪਾਰਟੀਆਂ ਤੋਂ ਲਿਆ ਕੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। 5 ਮੰਤਰੀਆਂ ਅਤੇ 3 ਵਿਧਾਇਕਾਂ ਨੂੰ ਲੋਕ ਸਭਾ ਦਾ ਉਮੀਦਵਾਰ ਬਣਾ ਦਿੱਤਾ ਹੈ, ਜਦਕਿ ਆਮ ਵਰਕਰਾਂ ਨੂੰ ਉਮੀਦਵਾਰੀ ਲੈਵਲ ਦਾ ਨਹੀਂ ਸਮਝਿਆ ਗਿਆ। ਉਹਨਾਂ ਆਪ ਦੇ ਵਰਕਰਾਂ ਨੂੰ ਆਪ ਦੀ ਅਸਲੀਅਤ ਪਹਿਚਾਣ ਕੇ ਸਾਥ ਦੇਣ ਦੀ ਅਪੀਲ ਕੀਤੀ।
ਪੰਜਾਬ ਦੇ ਸਿਰ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ : ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਦੋ ਸਾਲਾਂ ਦੇ ਰਾਜ ਦੌਰਾਨ ਕੋਈ ਚੰਗਾ ਕੰਮ ਨਹੀਂ ਹੋਇਆ। ਨਾ ਤਾਂ ਭ੍ਰਿਸ਼ਟਾਚਾਰ ਬੰਦ ਹੋਇਆ ਅਤੇ ਨਾ ਹੀ ਕੋਈ ਮਾਫ਼ੀਆ ਬੰਦ ਹੋ ਸਕਿਆ ਹੈ। ਪੰਜਾਬ ਦੇ ਸਿਰ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੂਰੀ ਆਮ ਆਦਮੀ ਪਾਰਟੀ ਝੂਠਾ ਕੇਸ ਦਰਜ਼ ਹੋਣ ਦਾ ਰੌਲਾ ਪਾ ਰਹੀ ਹੈ, ਪਰ ਦੂਜੇ ਪਾਸੇ ਪੰਜਾਬ ਵਿੱਚ ਆਪ ਸਰਕਾਰ ਪੁਲਿਸ ਦੀ ਦੁਰਵਰਤੋਂ ਕਰਕੇ ਝੂਠੇ ਪਰਚੇ ਦਰਜ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਮੇਰੇ ਉਪਰ ਭਗਵੰਤ ਮਾਨ ਦੀ ਸਰਕਾਰ ਨੇ 5 ਝੂਠੇ ਪਰਚੇ ਦਰਜ਼ ਕੀਤੇ ਹਨ। ਸਰਕਾਰ ਵਿਰੁੱਧ ਕੋਈ ਵੀ ਆਵਾਜ਼ ਉਠਾਉਂਦਾ ਹੈ, ਉਸ ਵਿਰੁੱਧ ਪਰਚਾ ਦਰਜ਼ ਕਰ ਦਿੱਤਾ ਜਾਂਦਾ ਹੈ।
ਆਪ ਸਰਕਾਰ ਨੇ ਕਿਸਾਨਾਂ ਦਾ ਨਹੀਂ ਦਿੱਤਾ ਸਾਥ: ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਸਦੇ ਸਾਥੀਆਂ ਉਪਰ ਐਨਐਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਭੇਜਣ ਦੇ ਮਾਮਲੇ ਉਪਰ ਵੀ ਆਪ ਸਰਕਾਰ ਉਪਰ ਸਵਾਲ ਚੁੱਕੇ। ਖਹਿਰਾ ਨੇ ਕਿਹਾ ਕਿ ਪੰਜਾਬ ਦੀ ਹੱਦ ਵਿੱਚ ਦਾਖ਼ਲ ਹੋ ਕੇ ਹਰਿਆਣਾ ਦੀ ਪੁਲਿਸ ਨੇ ਸਰ੍ਹੇਆਮ ਕਿਸਾਨਾਂ ਦੀ ਕੁੱਟਮਾਰ ਕੀਤੀ, ਪਰ ਆਪ ਸਰਕਾਰ ਨੇ ਕੋਈ ਸਾਥ ਨਹੀਂ ਦਿੱਤਾ ਅਤੇ ਕਿਸਾਨਾਂ ਉਪਰ ਅੱਤਿਆਚਾਰ ਕਰਨ ਵਾਲਿਆਂ ਉਪਰ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਸੰਗਰੂਰ ਹਲਕੇ ਸਮੇਤ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਕੀਤੀ।