ਲੋਕਾਂ ਨੇ ਮੇਰੇ ਘਰ ਨੂੰ ਹੀ ਥਾਣਾ ਬਣਾ ਦਿੱਤਾ, ਪਰ ਮੈਂ..... (rajwinder kaur) ਅੰਮ੍ਰਿਤਸਰ: ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਦੇਖਣ ਨੂੰ ਮਿਲਦੀਆਂ ਨੇ ਜਦੋਂ ਕੁੜੀਆਂ ਦੀ ਹਿੰਮਤ ਅਤੇ ਹੌਂਸਲੇ ਦੀ ਹਰ ਪਾਸੇ ਚਰਚਾ ਹੁੰਦੀ ਹੈ। ਅਜਿਹੀ ਹੀ ਚਰਚਾ ਅੰਮ੍ਰਿਤਸਰ ਦੇ ਪਿੰਡ ਮੈਨੀਪੁਰ ਦੀ ਧੀ ਰਾਜਵਿੰਦਰ ਕੌਰ ਦੀ ਹੋ ਰਹੀ ਹੈ। ਆਓ ਤੁਹਾਨੂੰ ਮੈਨੀਪੁਰ ਦੀ ਸ਼ੇਰਨੀ ਨਾਲ ਮਿਲਾੳੇੁਂਦੇ ਹਾਂ। ਰਾਜਵਿੰਦਰ ਕੌਰ ਰੱਜੀ ਨੇ ਆਪਣੇ ਪਰਿਵਾਰ ਨੂੰ ਜੋੜਦੇ ਹੋਏ ਅਤੇ ਲੋਕਾਂ ਦੀਆਂ ਕੋਝੀਆਂ ਹਰਕਤਾਂ ਦਾ ਜਵਾਬ ਦਿੰਦੇ ਜਿੱਥੇ ਪੂਰੇ ਘਰ ਦੀ ਜ਼ਿੰਮੇਵਾਰੀ ਨੂੰ ਚੱਕਿਆ, ਉੱਥੇ ਹੀ 10 ਏਕੜ ਜ਼ਮੀਨ ਨੂੰ ਵੀ ਪੁੱਤਾਂ ਵਾਂਗ ਸੰਭਾਇਆ ਅਤੇ ਲਾਲਚੀ ਲੋਕਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਿਆ।
ਸੌਖਾ ਨਹੀਂ ਸੀ ਰਾਹ:ਰਾਜਵਿੰਦਰ ਨੇ ਦੱਸਿਆ ਕਿ ਸ਼ੁਰੂ-ਸ਼ੁਰੂ 'ਚ ਉਸ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇੰਨ੍ਹਾਂ ਮੁਸਿਬਤਾਂ ਨਾਲ ਜਿੱਥੇ ਕੁੱਝ ਲੋਕਾਂ ਨੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਅੱਜ ਉਨ੍ਹਾਂ ਹੀ ਲੋਕਾਂ ਦੀਆਂ ਅੱਖਾਂ ਨਵੀਆਂ ਹੋਈਆਂ ਪਈਆਂ ਹਨ। ਲੋਕਾਂ ਨੇ ਮੇਰੇ ਘਰ ਨੂੰ ਹੀ ਥਾਣਾ ਬਣਾ ਦਿੱਤਾ ਤੇ ਬਹੁਤ ਸਾਰੇ ਝੂਠੇ ਮਾਮਲੇ ਦਰਜ ਕਰਵਾਏ ਗਏ ਪਰ ਮੈਂ ਵੀ ਸੋਚ ਰੱਖਿਆ ਸੀ ਕਿ ਹੁਣ ਹਾਰ ਨਹੀਂ ਮੰਨਣੀ ਅਤੇ ਕਿਸੇ ਅੱਗੇ ਝੁਕਣਾ ਨਹੀਂ।
ਟਰੈਕਟਰ ਚਲਾਉਣਾ ਸੌਖਾ ਨਹੀਂ ਸੀ: ਰੱਜੀ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਸ ਨੂੰ ਪਹਿਲਾਂ ਟਰੈਕਟਰ ਚਲਾਉਣ 'ਚ ਬਹੁਤ ਮੁਸ਼ਕਿਲ ਆਈ ਪਰ ਉਸ ਨੇ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ 10 ਏਕੜ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪਹਿਲਾਂ ਮਜ਼ਬੂਰੀ ਕਾਰਨ ਟਰੈਕਟਰ ਚਲਾਇਆ ਪਰ ਹੁਣ ਮੇਰਾ ਸ਼ੌਂਕ ਬਣ ਗਿਆ। ਉਨਾਂ ਆਖਿਆ ਕਿ ਉਸ ਨੂੰ ਵਿਆਹ ਕਰਵਾਉਣ ਦਾ ਕੋਈ ਸ਼ੌਂਕ ਨਹੀਂ। ਉਸ ਦਾ ਹੁਣ ਇੱਕ ਹੀ ਸ਼ੌਂਕ ਹੈ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਉਹ ਵੀ ਬਿਨਾਂ ਲੋਕਾਂ ਅਤੇ ਰਿਸ਼ਤੇਦਾਰਾਂ ਦੀ ਪ੍ਰਵਾਹ ਕੀਤੇ।
ਔਰਤਾਂ ਅਤੇ ਨੌਜਵਾਨਾਂ ਨੂੰ ਅਪੀਲ:ਰਾਜਵਿੰਦਰ ਕੌਰ ਰੱਜੀ ਔਰਤਾਂ ਨੂੰ ਅਪੀਲ ਕਰਦੇ ਆਖਿਆ ਕਿ ਔਰਤ ਕਿਸੇ ਅੱਗੇ ਕਦੇ ਵੀ ਝੁਕ ਨਹੀਂ ਸਕਦੀ ਕਿਉਂਕਿ ਔਰਤ ਨਾਲ ਹੀ ਇਹ ਸੰਸਾਰ ਚੱਲਦਾ ਹੈ, ਬਸ ਮੁਸ਼ਕਿਲ ਸਮੇਂ ਹਿੰਮਤ ਅਤੇ ਸਮਝ ਤੋਂ ਕੰਮ ਲੈਣ ਦੀ ਲੋੜ ਹੁੰਦੀ ਹੈ ਨਾ ਕਿ ਡਰ ਅਤੇ ਘਬਰਾ ਕੇ ਮਸ਼ਕਿਲਾਂ ਅੱਗੇ ਗੋਢੇ ਟੇਕਣੇ ਚਾਹੀਦੇ ਹਨ। ਨੌਜਵਾਨ ਪੀੜੀ ਨੂੰ ਸੁਨੇਹਾ ਦਿੰਦੇ ਉਸ ਨੇ ਆਖਿਆ ਕਿ ਨੌਜਵਾਨ ਇੱਕ ਅਜਿਹੀ ਤਾਕਤ ਨੇ ਜੋ ਵੱਡੇ-ਵੱਡੇ ਤੁਫ਼ਾਨਾਂ ਦਾ ਮੂੰਹ ਮੋੜ ਦਿੰਦੇ ਹਨ ਅਤੇ ਕ੍ਰਾਂਤੀ ਲਿਆਉਂਦੇ ਨੇ ਇਸੇ ਲਈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।