ਚੰਡੀਗੜ੍ਹ: ਅੱਜ ਪੰਜਾਬ ਦੇ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੀਨੀਅਰ ਆਗੂ ਸਮੂਹਿਕ ਭੁੱਖ ਹੜਤਾਲ 'ਤੇ ਬੈਠਣਗੇ। ਅੱਜ 7 ਅਪ੍ਰੈਲ ਨੂੰ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ 'ਚ 'ਆਪ' ਆਗੂ ਤੇ ਵਰਕਰ ਦੇਸ਼ ਭਰ 'ਚ ਭੁੱਖ ਹੜਤਾਲ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਸਣੇ ਸਾਰੇ ਆਗੂ ਅਤੇ ਵਿਧਾਇਕ ਖਟਕੜ ਕਲਾਂ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਸਮੂਹਿਕ ਮਰਨ ਵਰਤ ਸ਼ੁਰੂ ਕਰਨਗੇ।
ਖਟਕੜ ਕਲਾਂ 'ਚ ਸੀਐਮ ਮਾਨ ਸਣੇ ਲੀਡਰ ਰੱਖਣਗੇ ਵਰਤ: ਸੀਐਮ ਭਗਵੰਤ ਮਾਨ ਅਤੇ ਸੰਸਦ ਮੈਂਬਰ ਸੰਦੀਪ ਪਾਠ ਨੇ ਸ਼ਨੀਵਾਰ ਨੂੰ ਪੰਜਾਬ ਦੇ ਮੋਗਾ ਅਤੇ ਜਲੰਧਰ ਵਿੱਚ ਵੀ ਰੈਲੀਆਂ ਕੀਤੀਆਂ। ਜਿਸ ਵਿੱਚ ਉਨ੍ਹਾਂ ਵਲੰਟੀਅਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਖਟਕੜ ਕਲਾਂ ਪਹੁੰਚਣ ਲਈ ਕਿਹਾ ਹੈ। ਇਸ ਦੇ ਨਾਲ ਹੀ ਜੋ ਵਲੰਟੀਅਰ ਖਟਕੜ ਕਲਾਂ ਨਹੀਂ ਪਹੁੰਚ ਸਕਦੇ ਉਨ੍ਹਾਂ ਨੂੰ ਜ਼ਿਲ੍ਹਾ ਦਫ਼ਤਰਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ। 'ਆਪ' ਵੱਲੋਂ ਹਰ ਜ਼ਿਲ੍ਹੇ 'ਚ ਸਮੂਹਿਕ ਮਰਨ ਵਰਤ ਵੀ ਰੱਖਿਆ ਜਾਵੇਗਾ। ਇਹ ਸਮੂਹਿਕ ਵਰਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ‘ਆਪ’ ਆਗੂਆਂ ਖ਼ਿਲਾਫ਼ ਈਡੀ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਵਿਰੋਧ ਵਿੱਚ ਹੈ।
ਪੰਜਾਬ ਦੇ 'ਆਪ' ਵਰਕਰਾਂ ਨੂੰ ਵੀ ਕੀਤੀ ਅਪੀਲ: 'ਆਪ' ਪੰਜਾਬ ਨੇ ਸੋਸ਼ਲ ਮੀਡੀਆ ਐਕਸ 'ਤੇ ਪੋਸਟਰ ਸ਼ੇਅਰ ਕਰਦਿਆਂ ਲਿਖਿਆ ਹੈ ਕਿ, ਤਾਨਾਸ਼ਾਹ ਮੋਦੀ ਦੀ ਸਰਕਾਰ ਖ਼ਿਲਾਫ਼ ਆਓ ਆਪਣਾ ਆਪਣਾ ਵਿਰੋਧ ਦਰਜ ਕਰਵਾਈਏ, 7 ਅਪ੍ਰੈਲ ਨੂੰ ਵੱਡੀ ਗਿਣਤੀ ‘ਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਲਈ ਵਰਤ ਰੱਖੀਏ! ਪੰਜਾਬ ਦੇ ਹਰ ਜ਼ਿਲ੍ਹੇ ‘ਚ ਪਾਰਟੀ ਵਲੰਟੀਅਰ ਤੇ ਅਹੁਦੇਦਾਰ ਵਰਤ ਰੱਖਣਗੇ। ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਸਮੂਹ ਕੈਬਨਿਟ ਮੰਤਰੀ ਤੇ ਵਿਧਾਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਜੱਦੀ ਪਿੰਡ ਖਟਕੜ ਕਲਾਂ ਵਿਖੇ ਵਰਤ ਰੱਖਣਗੇ!